ਚੰਡੀਗੜ੍ਹ: ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ, ਖਾਸਕਰ ਜੇਮਸ ਐਂਡਰਸਨ ਨੇ ਪਿਚ ਤੋਂ ਮਿਲ ਰਹੀ ਮਦਦ ਦਾ ਭਰਪੂਰ ਫਾਇਦਾ ਚੁੱਕਿਆ। ਉਨ੍ਹਾਂ ਭਾਰਤ ਨੂੰ ਅੱਧੇ ਦਿਨ ਦੀ ਖੇਡ ਵਿੱਚ ਹੀ ਸਮੇਟ ਦਿੱਤਾ। ਜੇਮਸ ਨੇ ਅਜਿਹਾ ਕਹਿਰ ਢਾਹਿਆ ਕਿ ਭਾਰਤੀ ਬੱਲੇਬਾਜ਼ ਕੁਝ ਨਹੀਂ ਕਰ ਸਕੇ।

ਐਂਡਰਸਨ ਨੇ 20 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਦਕਿ ਕ੍ਰਿਸ ਵੋਕਸ ਨੂੰ ਦੋ ਵਿਕਟਾਂ ਮਿਲੀਆਂ। ਸਟੂਅਰਟ ਬਰਾਡ ਤੇ ਸੈਮ ਕੁਰੈਨ ਨੇ ਇੱਕ-ਇੱਕ ਵਿਕਟ ਝਟਕਾਈ। ਪਰ ਭਾਰਤੀ ਟੀਮ ਨਾ ਸਿਰਫ 107 ਦੌੜਾਂ ਬਣਾ ਕੇ ਢੇਰ ਹੋਈ ਬਲਕਿ ਅਜਿਹਾ ਅਣਚਾਹਿਆ ਰਿਕਾਰਡ ਬਣਾ ਗਈ ਜਿਸਨੂੰ ਕੋਈ ਬਣਾਉਣਾ ਪਸੰਦ ਨਹੀਂ ਕਰੇਗਾ।

ਇਸ ਦੇ ਨਾਲ ਭਾਰਤੀ ਟੀਮ ਲਾਰਡਸ ਕ੍ਰਿਕਿਟ ਮੈਦਾਨ ਦੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਪਾਰੀ ਵਿੱਚ ਦੂਜੀ ਸਭ ਤੋਂ ਛੋਟੀ ਪਾਰੀ ਖੇਡਣ ਵਾਲੀ ਟੀਮ ਬਣ ਗਈ ਹੈ।

ਹਾਲਾਂਕਿ ਪਿਛਲੇ 100 ਸਾਲਾਂ ਵਿੱਚ ਹੁਣ ਵੀ ਸਭ ਤੋਂ ਘੱਟ ਓਵਰਾਂ ਵਿੱਚ ਆਊਟ ਹੋਣ ਦੀ ਰਿਕਾਰਡ ਸਾਲ 2000 ਵਿੱਚ ਜ਼ਿੰਬਾਬਵੇ ਦੇ ਨਾਂ ਦਰਜ ਹੈ, ਜਿਨ੍ਹਾਂ ਮਹਿਜ਼ 83 ਦੌੜਾਂ ਦੀ ਪਾਰੀ ਖੇਡੀ ਸੀ।

ਹੁਣ ਜ਼ਿੰਬਾਬਵੇ ਤੋਂ ਬਾਅਦ ਭਾਰਤ ਸਭ ਤੋਂ ਘੱਟ ਓਵਰ ਖੇਡ ਕੇ ਆਊਟ ਹੋਣ ਵਾਲਿਆਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਆ ਪੁੱਜਾ ਹੈ। ਜੇ ਓਵਰਆਲ ਲਿਹਾਜ਼ ਨਾਲ ਵੇਖਿਆ ਜਾਏ ਤਾਂ ਲਾਰਡਸ ਮੈਦਾਨ ਵਿੱਚ ਇਹ ਚੌਥਾ ਸਭ ਤੋਂ ਘੱਟ ਸਕੋਰ ਹੈ।

ਸ਼ੁੱਕਰਵਾਰ ਨੂੰ ਹੋਏ ਦੂਜੇ ਦਿਨ ਦੇ ਮੈਚ ਵਿੱਚ ਸਿਰਫ 35.2 ਓਵਰਾਂ ਦੀ ਖੇਡ ਹੋ ਸਕੀ, ਜਿਸ ਵਿੱਚ ਭਾਰਤੀ ਟੀਮ ਆਪਣੀ ਪਹਿਲੀ ਪਾਰੀ ਵਿੱਚ 107 ਦੌੜਾਂ ’ਤੇ ਹੀ ਢਹਿ-ਢੇਰੀ ਹੋ ਗਈ। ਮੈਚ ਦਾ ਪਹਿਲਾ ਦਿਨ ਮੀਂਹ ਕਰਕੇ ਰੱਦ ਕਰ ਦਿੱਤਾ ਗਿਆ।