ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਦਿੱਲੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਇਸੇ ਕੜੀ ਵਿੱਚ ਕੇਜਰੀਵਾਲ ਸਰਕਾਰ ਸ਼ਹੀਦ ਭਗਤ ਸਿੰਘ ਫੁੱਟਬਾਲ ਕੱਪ ਕਰਵਾ ਰਹੀ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ (11 ਜੁਲਾਈ) ਨੂੰ ਤਿਆਗਰਾਜ ਸਟੇਡੀਅਮ ਵਿੱਚ ਇਸ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ।


ਇਹ ਟੂਰਨਾਮੈਂਟ 2 ਮਹੀਨੇ ਤੱਕ ਚੱਲੇਗਾ ਜਿਸ ਵਿੱਚ 20 ਟੀਮਾਂ ਵਿਚਕਾਰ 98 ਮੈਚ ਕਰਵਾਏ ਜਾਣਗੇ। ਟੂਰਨਾਮੈਂਟ ਵਿੱਚ ਅੰਡਰ 18 ਅਤੇ ਅੰਡਰ 22 ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਣਗੇ। ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਪ ਜੇਤੂ ਟੀਮ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਕ੍ਰਮਵਾਰ 2.5 ਲੱਖ ਰੁਪਏ ਅਤੇ 1 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।


ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ 'ਗੋਲਡਨ ਬੂਟ ਐਵਾਰਡ' ਦਿੱਤਾ ਜਾਵੇਗਾ। ਦਿੱਲੀ ਦੇ 5 ਵੱਖ-ਵੱਖ ਸਟੇਡੀਅਮਾਂ 'ਚ ਮੈਚ ਕਰਵਾਏ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।


ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਦਿੱਲੀ ਦੇ ਫੁੱਟਬਾਲ ਕਲੱਬਾਂ ਨੂੰ ਨਾਲ ਲੈ ਕੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਇਸ ਨਾਲ ਦਿੱਲੀ 'ਚ ਫੁੱਟਬਾਲ ਸੱਭਿਆਚਾਰ ਨੂੰ ਹੁਲਾਰਾ ਮਿਲੇਗਾ।


ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਨਾ ਸਿਰਫ ਦਿੱਲੀ ਨੂੰ ਫੁੱਟਬਾਲ ਦੇ ਖੇਤਰ 'ਚ ਟਾਪਰ ਬਣਨ 'ਚ ਮਦਦ ਕਰਨਗੇ ਸਗੋਂ ਅਸੀਂ ਫੁੱਟਬਾਲ ਦੇ ਉੱਭਰਦੇ ਸਿਤਾਰਿਆਂ ਦੀ ਪਛਾਣ ਵੀ ਕਰ ਸਕਾਂਗੇ। ਫੁੱਟਬਾਲ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਕੇਰ, ਮੁੰਡੇਲਾ ਅਤੇ ਆਨੰਦਵਾਸ ਵਿਖੇ ਅੰਤਰਰਾਸ਼ਟਰੀ ਪੱਧਰ ਦੇ 3 ਨਕਲੀ ਫੁੱਟਬਾਲ ਮੈਦਾਨ ਵੀ ਤਿਆਰ ਕੀਤੇ ਗਏ ਹਨ।


ਫੁਟਬਾਲ ਦੀ ਗੱਲ ਕਰੀਏ ਤਾਂ ਸੁਨੀਲ ਛੇਤਰੀ ਦੀ ਕਪਤਾਨੀ ਹੇਠ ਭਾਰਤੀ ਟੀਮ ਹਾਲ ਹੀ ਵਿੱਚ ਏਐਫਸੀ ਏਸ਼ੀਅਨ ਕੱਪ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਰਹੀ। ਇਸ ਦੇ ਨਾਲ ਹੀ ਭਾਰਤ ਇਸ ਸਾਲ ਅਕਤੂਬਰ ਵਿੱਚ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਮੈਚ ਤਿੰਨ ਸ਼ਹਿਰਾਂ ਭੁਵਨੇਸ਼ਵਰ, ਗੋਆ ਅਤੇ ਨਵੀਂ ਮੁੰਬਈ ਵਿੱਚ 11 ਤੋਂ 30 ਅਕਤੂਬਰ ਤੱਕ ਹੋਣਗੇ। ਭਾਰਤ ਪਹਿਲੇ ਦਿਨ ਅਮਰੀਕਾ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।