ਨਵੀਂ ਦਿੱਲੀ: ਸਾਉਥ ਅਫਰੀਕਾ ਨੂੰ ਦੂਜੇ ਟੈਸਟ ‘ਚ ਹਰਾ ਕੇ ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਮੈਚ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਰੇ ਰਿਕਾਰਡ ਤੋੜਦੇ ਹੋਏ ਦੋਹਰਾ ਸੈਂਕੜਾ ਜੜਿਆ। ਵਿਰਾਟ ਕੋਹਲੀ ਦੀ ਕਪਤਾਨੀ ਤੇ ਬੱਲੇਬਾਜ਼ੀ ਨਾਲ ਪਾਕਿਸਤਾਨ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਉਨ੍ਹਾਂ ਦੇ ਫੈਨ ਬਣ ਗਏ ਹਨ। ਅਖ਼ਤਰ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਕੋਹਲੀ ਦੀ ਖੂਬ ਤਾਰੀਫ ਕੀਤੀ ਹੈ।

ਸ਼ੋਇਬ ਨੇ ਵਿਰਾਟ ਨੂੰ ਵਿਸ਼ਵ ਦੇ ਕਾਮਯਾਬ ਕਪਤਾਨਾਂ ਵਿੱਚੋਂ ਇੱਕ ਕਿਹਾ ਹੈ। ਸ਼ੋਇਬ ਨੇ ਆਪਣੇ ਚੈਨਲ ‘ਤੇ ਵੀਡੀਓ ਸ਼ੇਅਰ ਕਰ ਕਿਹਾ, “ਵਰਲਡ ਕੱਪ ਤੋਂ ਬਾਅਦ ਕੋਹਲੀ ਦੀ ਕਪਤਾਨੀ ‘ਚ ਕਾਫੀ ਨਿਖਾਰ ਆਇਆ ਹੈ। ਵਰਲਡ ਕੱਪ ਦੀ ਗਲਤੀ ਤੋਂ ਉਹ ਕਾਫੀ ਕੁਝ ਸਿੱਖੇ ਹਨ। ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਕਿਸ ਨੂੰ ਟੀਮ ‘ਚ ਮੌਕਾ ਦੇਣਾ ਹੈ ਤੇ ਕਿਸ ਨੂੰ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੂੰ ਟੀਮ ਬਣਾਉਣਾ ਆ ਗਿਆ ਹੈ।”

ਅਖ਼ਤਰ ਨੇ ਅੱਗੇ ਕਿਹਾ, “ਇਹ ਦੁਖ ਦੀ ਗੱਲ ਹੈ ਕਿ ਅੱਜ ਦੁਨੀਆ ‘ਚ ਚੰਗੇ ਕਪਤਾਨ ਨਹੀਂ ਹਨ। ਸਿਰਫ ਵਿਰਾਟ ਜਾਂ ਕੇਨ ਵਿਲੀਅਮਸਨ ਹਨ। ਵਿਰਾਟ ਬਾਰੇ ਸਭ ਤੋਂ ਵਧੀਆ ਗੱਲ ਹੈ ਕਿ ਉਹ ਡਰਦੇ ਨਹੀਂ।” ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ 295 ਗੇਂਦਾਂ ਦੀ ਪਾਰੀ ‘ਚ 254 ਦੌੜਾਂ ਬਣਾਈਆਂ ਤੇ ਨਾਬਾਦ ਰਹੇ ਸੀ।