ਸਪੇਨ ਦੀ ਮਹਿਲਾ ਫੁੱਟਬਾਲ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ। ਸਪੇਨ ਵਲੋਂ ਬੀਤੇ ਮੰਗਲਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਸਵੀਡਨ ਨੂੰ 2-1 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਬਣਾ ਲਈ ਹੈ।


ਦੱਸ ਦਈਏ ਕਿ ਮੈਚ ਦੇ 10ਵੇਂ ਮਿੰਟ ਵਿੱਚ ਸਪੇਨ ਲਈ ਸਲਮਾ ਪਾਰਲੂਏਲੋ ਨੇ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਦੇ ਨਾਲ ਹੀ 18ਵੇਂ ਮਿੰਟ ਵਿੱਚ ਰੇਬੇਕਾ ਬਲੋਮਕਵਿਸਟ ਨੇ ਸਵੀਡਨ ਲਈ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।


ਉਧਰ ਮੈਚ ਸਮੇਂ ਵੱਲ ਵਧਦਾ ਨਜ਼ਰ ਆ ਰਿਹਾ ਸੀ। ਪਰ ਆਖਰੀ ਸਮੇਂ ਤੋਂ ਇੱਕ ਮਿੰਟ ਪਹਿਲਾਂ ਭਾਵ 89ਵੇਂ ਮਿੰਟ ਵਿੱਚ ਸਪੇਨ ਦੀ ਕਪਤਾਨ ਓਲਗਾ ਕਾਰਮੋਨਾ ਨੇ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਇਸ ਨਾਲ ਸਪੇਨ ਨੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਪੇਨ ਦਾ ਸਾਹਮਣਾ ਹੁਣ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।


ਇਸਤੋਂ ਇਲਾਵਾ ਕੁਆਰਟਰ ਫਾਈਨਲ ਵਿੱਚ ਸਪੇਨ ਨੇ ਮੌਜੂਦਾ ਉਪ ਜੇਤੂ ਨੀਦਰਲੈਂਡ ਨੂੰ ਵਾਧੂ ਸਮੇਂ ਵਿੱਚ 2-1 ਨਾਲ ਹਰਾਇਆ। ਇਸ ਨਾਲ ਸਪੇਨ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਹੈ। ਸਪੇਨ ਨੇ ਆਪਣੇ ਗਰੁੱਪ ਵਿੱਚ ਕੋਸਟਾ ਰਿਕਾ (3-0) ਅਤੇ ਜਾਂਬੀਆ (5-0) ਨੂੰ ਹਰਾਇਆ, ਪਰ ਜਾਪਾਨ (4-0) ਤੋਂ ਹਾਰ ਗਿਆ ਸੀ। ਜਦਕਿ, ਨਾਕਆਊਟ ਵਿੱਚ ਉਨ੍ਹਾਂ ਨੇ ਸਵਿਟਜ਼ਰਲੈਂਡ ਨੂੰ 5-1 ਨਾਲ ਹਰਾਇਆ। ਨੀਦਰਲੈਂਡ ਨੇ ਪਹਿਲੀ ਵਾਰ 2015 ਵਿੱਚ ਵਿਸ਼ਵ ਕੱਪ ਖੇਡਿਆ ਸੀ ਅਤੇ ਗਰੁੱਪ ਪੜਾਅ ਵਿੱਚ ਟੂਰਨਾਮੈਂਟ ਨੂੰ 20ਵੇਂ ਸਥਾਨ 'ਤੇ ਸਮਾਪਤ ਕੀਤਾ ਸੀ। 2019 ਵਿੱਚ, ਉਹ ਰਾਊਂਡ ਆਫ 16 ਵਿੱਚ ਪਹੁੰਚ ਗਈ।


ਜ਼ਿਕਰਯੋਗ ਹੈ ਕਿ ਸਵੀਡਨ ਪੰਜਵੀਂ ਵਾਰ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਸਵੀਡਨ ਨੇ ਕੁਆਰਟਰ ਫਾਈਨਲ ਵਿੱਚ ਜਾਪਾਨ ਨੂੰ 2-1 ਨਾਲ ਹਰਾ ਕੇ ਪੰਜਵੀਂ ਵਾਰ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਸਵੀਡਨ ਨੂੰ ਚਾਰ ਵਿੱਚ ਹਾਰ ਮਿਲੀ ਹੈ।


ਆਸਟ੍ਰੇਲੀਆ-ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਕਦੇ ਵੀ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕੀਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਦੋਵਾਂ ਦੇਸ਼ਾਂ ਨੇ ਸਾਂਝੇ ਤੌਰ 'ਤੇ ਇਸ ਦਾ ਆਯੋਜਨ ਕੀਤਾ ਹੈ। ਇਸ ਸਾਲ 32 ਟੀਮਾਂ ਨੇ ਭਾਗ ਲਿਆ, ਇਹ ਪਹਿਲੀ ਵਾਰ ਹੈ ਜਦੋਂ 32 ਟੀਮਾਂ ਨੇ ਭਾਗ ਲਿਆ ਹੈ।