World Police Games  in Canada - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜ਼ਮੀਨੀ ਪੱਧਰ ਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਵੀਂ ਖੇਡ ਨੀਤੀ ਲਾਗੂ ਕਰ ਦਿੱਤੀ ਗਈ ਹੈ ।


ਉਨਾਂ ਕਿਹਾ ਕਿ ਇਸ ਨੀਤੀ ਨਾਲ ਨਾ ਸਿਰਫ ਉੱਭਰਦੇ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਕੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ ਸਗੋਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਇਆ ਜਾ ਸਕੇਗਾ ।


ਅੱਜ ਇੱਥੇ ਪਿੰਡ ਚਮਿਆਰਾ ਵਿਖੇ ਵਿਸ਼ਵ ਪੁਲਿਸ ਖੇਡਾਂ 2023 ਵਿਨੀਪੈਗ (ਕਨੇਡਾ )ਦੇ ਵਿੱਚ 400 ਮੀਟਰ ਦੀ ਦੌੜ ਵਿੱਚ ਸੋਨੇ ਦੇ ਤਗ਼ਮਾ ਜਿੱਤਣ ਵਾਲੇ ਅਥਲੀਟ ਸੰਦੀਪ ਦਾ ਸਨਮਾਨ ਕਰਨ ਸਬੰਧੀ ਹੋਏ ਸਮਾਗਮ ਵਿੱਚ ਉਨਾਂ ਕਿਹਾ ਕਿ ਸੰਦੀਪ ਨੇ ਨਾ ਸਿਰਫ ਜਲੰਧਰ ਸਗੋਂ ਪੂਰੇ ਪੰਜਾਬ ਦਾ ਨਾਮ ਕੌਮਾਂਤਰੀ ਪੱਧਰ ਉੱਪਰ ਰੌਸ਼ਨ ਕੀਤਾ ਹੈ ।


ਉਨਾਂ ਕਿਹਾ ਕਿ ਉਹ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਸੰਦੀਪ ਲਈ ਕੌਮਾਂਤਰੀ ਪੱਧਰ ਦੀ ਸਿਖਲਾਈ , ਕੋਚਿੰਗ ਦੇ ਪ੍ਰਬੰਧ ਕਰਨਗੇ ਤਾਂ ਜੋ ਉਹ ਆਪਣੀ ਖੇਡ ਨਾਲ ਹੋਰ ਪ੍ਰਾਪਤੀਆਂ ਕਰ ਸਕੇ । ਉਨਾਂ ਸੰਦੀਪ ਦੀ ਹੌਸਲਾ ਅਫਜਾਈ ਲਈ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪੈ ਵੀ ਦੇਣ ਦਾ ਐਲਾਨ ਕੀਤਾ ।


ਦੱਸਣਯੋਗ ਹੈ ਕਿ ਵਿੰਨੀਪੈਗ (ਕੈਨੇਡਾ) ਵਿਖੇ ਹੋਈਆਂ ਵਿਸ਼ਵ ਪੁਲਿਸ ਖੇਡਾਂ ਵਿੱਚ ਭਾਰਤੀ ਪੁਲਿਸ ਖੇਡਾਂ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਦਿਖਾਇਆ ਜਿਸ ਵਿੱਚ ਪੰਜਾਬ ਪੁਲਿਸ ਦੇ 18 ਮੈਂਬਰੀ ਖਿਡਾਰੀ ਦਲ ਨੇ ਕੁੱਲ 42 ਮੈਡਲ ਜਿੱਤ ਕੇ ਅਹਿਮ ਯੋਗਦਾਨ ਪਾਇਆ। ਪੰਜਾਬ ਪੁਲਿਸ ਦੇ ਖਿਡਾਰੀਆਂ ਨੇ 27 ਸੋਨੇ, 10 ਚਾਂਦੀ ਤੇ 5 ਕਾਂਸੀ ਦੇ ਮੈਡਲ ਜਿੱਤੇ ਹਨ ।


ਕੈਬਨਿਟ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਪਿੰਡ ਪੱਧਰ ਤੋਂ ਖੇਡ ਨਰਸਰੀਆਂ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਕੋਚਾਂ ਦੀ ਗਿਣਤੀ 309 ਤੋਂ ਵਧਾ ਕੇ 2360 ਕਰਨ ਦਾ ਫੈਸਲਾ ਲਿਆ ਗਿਆ ਹੈ । ਉਨਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਸਕੀਮ ਤਹਿਤ ਮੈਡਲ ਜੇਤੂਆਂ ਨੂੰ 16000 ਤੇ 12000 ਰੁਪਏ ਮਹੀਨਾ ਵਜ਼ੀਫਾ ਮਿਲੇਗਾ ਜਦਕਿ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਤਿਆਰੀ ਲਈ 15 ਲੱਖ ਰੁਪਏ ਤੱਕ ਰਾਸ਼ੀ ਮਿਲੇਗੀ ।


ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਹਰ ਪਿੰਡ ਵਿੱਚ ਖੇਡ ਨਰਸਰੀ ਬਣਾਉਣ ਤੋਂ ਲੈ ਕੇ ਸਟੇਟ ਪੱਧਰ ਦੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸੈਂਟਰ ਬਣਨਗੇ। ਸਾਰੇ ਉਮਰ ਵਰਗਾਂ ਤੇ ਫਿਜ਼ੀਕਲ ਫਿਟਨੈਸ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਪੱਧਰ ਉਤੇ ਸਥਾਨਕ ਲੋੜਾਂ ਨੂੰ ਦੇਖਦਿਆਂ ਖੇਡ ਮੈਦਾਨ ਸਥਾਪਤ ਕੀਤੇ ਜਾਣਗੇ।


ਕੌਮੀ ਪੱਧਰ ਦੇ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਲਈ ਹਰ ਜ਼ਿਲੇ ਵਿੱਚ 200 ਖਿਡਾਰੀਆਂ ਦੇ ਸਪੋਰਟਸ ਹੋਸਟਲਾਂ ਵਾਲਾ ਖੇਡ ਢਾਂਚਾ ਉਸਾਰਿਆ ਜਾਣਾ ਹੈ। ਉਨਾਂ ਇਹ ਵੀ ਕਿਹਾ ਕਿ ਜਲੰਧਰ ਵਿਚ ਖੇਡਾਂ ਲਈ ਬੁਨਿਆਦੀ ਢਾਂਚੇ ਨੂੰ ਸਟੇਟ ਪੱਧਰ ਤੱਕ ਅੱਪਗ੍ਰੇਡ ਕੀਤਾ ਜਾਵੇਗਾ ।