Tokyo Olympics: ਓਲੰਪਿਕਸ ਵਿੱਚ ਭਾਰਤ ਦੀ ਮੈਡਲ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਇਸ ਮੈਚ ਵਿੱਚ ਚੀਨ ਦੀ ਕਿਯਾਨ ਲੀ ਨੇ 0-5 ਨਾਲ ਹਰਾਇਆ। ਪੂਜਾ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਇੱਕ ਕਦਮ ਦੂਰ ਸੀ, ਪਰ ਚੀਨੀ ਖਿਡਾਰਨ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।


 


ਕਿਯਾਨ ਨੇ ਉਸ ਨੂੰ ਇੱਕਤਰਫਾ ਮੁਕਾਬਲੇ ਵਿੱਚ ਹਰਾਇਆ ਅਤੇ ਪੂਜਾ ਦੀ ਹਾਰ ਨਾਲ ਉਸਦੀ ਮੈਡਲ ਪ੍ਰਾਪਤ ਕਰਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਕਿਯਾਨ ਨੇ ਪਹਿਲੇ ਦੌਰ ਤੋਂ ਹੀ ਪੂਜਾ 'ਤੇ ਦਬਦਬਾ ਬਣਾਇਆ ਅਤੇ ਤਿੰਨਾਂ ਦੌਰਾਂ ਵਿੱਚ ਸਾਰੇ ਪੰਜ ਜੱਜਾਂ ਨੂੰ ਪ੍ਰਭਾਵਿਤ ਕੀਤਾ। ਪੰਜ ਜੱਜਾਂ ਵੱਲੋਂ ਕਿਯਾਨ ਨੂੰ ਤਿੰਨੋਂ ਗੇੜਾਂ ਵਿੱਚ 10-10 ਅੰਕ ਦਿੱਤੇ ਗਏ। ਪੂਜਾ ਨੂੰ ਪਹਿਲੇ ਦੋ ਗੇੜਾਂ ਵਿੱਚ ਪੰਜ ਜੱਜਾਂ ਤੋਂ ਨੌਂ ਅੰਕ ਮਿਲੇ, ਜਦਕਿ ਤੀਜੇ ਦੌਰ ਵਿੱਚ ਇੱਕ ਜੱਜ ਨੂੰ ਛੱਡ ਕੇ ਬਾਕੀ ਚਾਰ ਨੇ ਉਸ ਨੂੰ ਨੌਂ ਅੰਕ ਦਿੱਤੇ ਅਤੇ ਇੱਕ ਜੱਜ ਨੇ ਅੱਠ ਅੰਕ ਦਿੱਤੇ।


 


ਇਹ ਪੂਜਾ ਦਾ ਪਹਿਲੀ ਓਲੰਪਿਕਸ ਸੀ ਅਤੇ ਉਹ ਆਪਣੀ ਪਹਿਲੇ ਓਲੰਪਿਕ ਵਿੱਚ ਤਮਗਾ ਜਿੱਤਣ ਤੋਂ ਇੱਕ ਕਦਮ ਦੂਰ ਸੀ। ਜੇ ਉਹ ਇਹ ਮੈਚ ਜਿੱਤ ਜਾਂਦੀ, ਤਾਂ ਉਹ ਦੇਸ਼ ਲਈ ਘੱਟੋ ਘੱਟ ਬਰੌਂਜ਼ ਮੈਡਲ ਪੱਕਾ ਕਰ ਲੈਂਦੀ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਕਿਯਾਨ ਨੇ ਪਹਿਲੇ ਦੌਰ ਤੋਂ ਹੀ ਪੂਜਾ 'ਤੇ ਦਬਦਬਾ ਬਣਾਇਆ। ਪੂਜਾ ਕੋਲ ਐਮਸੀ ਮੈਰੀਕਾਮ, ਵਿਜੇਂਦਰ ਸਿੰਘ ਅਤੇ ਲਵਲੀਨ ਬੋਰਗੋਹੇਨ ਤੋਂ ਬਾਅਦ ਚੌਥੀ ਤਮਗਾ ਜੇਤੂ ਮੁੱਕੇਬਾਜ਼ ਬਣਨ ਦਾ ਮੌਕਾ ਸੀ, ਜਿਸ ਤੋਂ ਉਹ ਖੁੰਝ ਗਈ।


 


ਭਾਰਤੀ ਮੁੱਕੇਬਾਜ਼ੀ ਦੇ ਲਈ ਇਹ ਨਿਰਾਸ਼ਾਜਨਕ ਦਿਨ ਸੀ ਕਿਉਂਕਿ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਮਿਤ ਪੰਘਾਲ (52 ਕਿਲੋਗ੍ਰਾਮ) ਅੱਜ ਸਵੇਰੇ ਪ੍ਰੀ-ਕੁਆਰਟਰ ਫਾਈਨਲ ਵਿੱਚ ਰੀਓ ਓਲੰਪਿਕ ਚਾਂਦੀ ਤਮਗਾ ਜੇਤੂ ਕੋਲੰਬੀਆ ਦੇ ਉਬੇਰਗੇਨ ਮਾਰਟਨੇਜ਼ ਤੋਂ 1-4 ਨਾਲ ਹਾਰ ਗਏ। ਸਿਖਰਲਾ ਦਰਜਾ ਪ੍ਰਾਪਤ ਪੰਘਾਲ ਲਈ ਇਹ ਪਹਿਲਾ ਓਲੰਪਿਕ ਸੀ ਅਤੇ ਉਸਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ।