Weightlifting World Championships : ਓਲੰਪਿਕ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। 


ਇਸ ਦੌਰਾਨ ਚੀਨ ਦੇ ਵੇਟਲਿਫਟਰ ਜਿਆਂਗ ਹੁਈਹੁਆ ਨੇ 206 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ ਹੈ। ਦੂਜੇ ਪਾਸੇ ਚੀਨ ਦੀ ਇਕ ਹੋਰ ਵੇਟਲਿਫਟਰ ਹੋਊ ਝੀਹੂਈ ਨੇ 198 ਕਿਲੋ ਭਾਰ ਚੁੱਕ ਕੇ ਪੋਡੀਅਮ 'ਤੇ ਜਗ੍ਹਾ ਬਣਾਈ। ਝੀਹੂਈ 49 ਕਿਲੋਗ੍ਰਾਮ ਵਰਗ ਵਿੱਚ ਓਲੰਪਿਕ ਚੈਂਪੀਅਨ ਹੈ। ਉਸਨੇ ਟੋਕੀਓ ਓਲੰਪਿਕ ਵਿੱਚ 49 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ।

 


 


 ਕਲੀਨ ਐਂਡ ਜਰਕ ਵਿੱਚ 113 ਕਿਲੋ ਭਾਰ ਚੁੱਕਿਆ


ਕੋਲੰਬੀਆ ਦੇ ਬੋਗੋਟਾ 'ਚ ਹੋਈ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਮੀਰਾ ਦਾ ਸਫਰ ਆਸਾਨ ਨਹੀਂ ਰਿਹਾ। ਉਹ ਸੱਟ ਨਾਲ ਜੂਝ ਰਹੀ ਸੀ ਪਰ ਉਸਦੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਆਈ। ਉਸ ਨੇ 113 ਕਿਲੋ ਭਾਰ ਚੁੱਕ ਕੇ ਕਲੀਨ ਐਂਡ ਜਰਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਹਾਲਾਂਕਿ, ਸਨੈਚ ਦੀ ਕੋਸ਼ਿਸ਼ ਦੌਰਾਨ ਉਸਨੇ ਇੱਕ ਸ਼ਾਨਦਾਰ ਬਚਾਅ ਕੀਤਾ ਜਦੋਂ ਉਹ ਭਾਰ ਚੁੱਕ ਰਹੀ ਸੀ ਤਾਂ ਉਨ੍ਹਾਂ ਦਾ ਸੰਤੁਲਨ ਗਲਤ ਹੋ ਗਿਆ ਸੀ ਪਰ ਅਜਿਹੀ ਹਾਲਤ ਵਿੱਚ ਆਪਣੇ ਸਰੀਰ ਉੱਤੇ ਕਾਬੂ ਰੱਖਦੇ ਹੋਏ ਉਸਨੇ ਆਪਣੇ ਗੋਡਿਆਂ ਅਤੇ ਹੇਠਲੇ ਸਰੀਰ ਦਾ ਸਹਾਰਾ ਲਿਆ। ਮੀਰਾਬਾਈ ਨੇ ਸਨੈਚ ਵਿੱਚ 87 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਕੁੱਲ 200 ਕਿਲੋ ਭਾਰ ਚੁੱਕਿਆ।

ਓਲੰਪਿਕ ਚੈਂਪੀਅਨ ਨੂੰ ਦਿੱਤੀ ਮਾਤ 


ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਚੈਂਪੀਅਨ ਹੋਊ ਝੀਹੂਈ ਨੂੰ ਹਰਾ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਝੀਹੂਈ ਕਲੀਨ ਐਂਡ ਜਰਕ ਵਿੱਚ 109 ਕਿਲੋ ਭਾਰ ਚੁੱਕ ਸਕੀ। ਓਥੇ ਹੀ ਸਨੈਚ ਵਿੱਚ ਉਸ ਨੇ 89 ਕਿਲੋ ਭਾਰ ਚੁੱਕਿਆ ਜਦਕਿ ਭਾਰਤੀ ਵੇਟਲਿਫਟਰ ਚਾਨੂ ਕਲੀਨ ਐਂਡ ਜਰਕ ਵਿੱਚ 113 ਕਿਲੋ ਅਤੇ ਸਨੈਚ ਵਿੱਚ 87 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਕਾਮਯਾਬ ਰਹੀ। ਝੀਹੂਈ ਤੀਜੇ ਸਥਾਨ 'ਤੇ ਰਹੀ ਅਤੇ ਕਾਂਸੀ ਦਾ ਤਗਮਾ ਹਾਸਲ ਕੀਤਾ। ਜਦਕਿ ਮੀਰਾਬਾਈ ਨੇ ਸਿਲਵਰ ਮੈਡਲ ਪੱਕਾ ਕੀਤਾ ਹੈ। ਇਸ ਦੇ ਨਾਲ ਹੀ ਜਿਆਂਗ ਹੁਈਹੁਆ ਨੇ ਕਲੀਨ ਐਂਡ ਜਰਕ ਵਿੱਚ 113 ਕਿਲੋ ਅਤੇ ਸਨੈਚ ਵਿੱਚ 93 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ ਕੁੱਲ 206 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।