WFI elections 2023: ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ 12 ਸਾਲਾਂ ਬਾਅਦ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਣ ਸਿੰਘ ਦਾ ਕਾਰਜਕਾਲ ਖਤਮ ਹੋ ਗਿਆ ਹੈ ਤੇ ਹੁਣ ਚੋਣਾਂ ਹੋਣ ਵਾਲੀਆਂ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਜਿਨਸੀ ਸ਼ੋਸ਼ਣ ਮਾਮਲੇ ਦੀ ਮੁੱਖ ਗਵਾਹਾਂ ਵਿੱਚੋਂ ਇੱਕ ਪਹਿਲਵਾਨ ਅਨੀਤਾ ਸ਼ਿਓਰੇਨ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਹੈ।



ਬ੍ਰਿਜ ਭੂਸ਼ਣ ਸਿੰਘ ਭਾਵੇਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਨਾ ਲੈ ਰਹੇ ਹੋਣ ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਕੋਈ ਕਰੀਬੀ ਇਸ ਸੀਟ ’ਤੇ ਕਾਬਜ਼ ਕਰੇ। ਇਸ ਲਈ ਉਨ੍ਹਾਂ ਨੇ ਆਪਣੇ ਕਰੀਬੀ ਸਾਥੀਆਂ ਸੰਜੇ ਸਿੰਘ ਤੇ ਜੈ ਪ੍ਰਕਾਸ਼ ਨੂੰ ਮੈਦਾਨ 'ਚ ਉਤਾਰਿਆ ਹੈ। ਅਜਿਹੇ 'ਚ 2010 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਅਨੀਤਾ ਸ਼ਿਓਰੇਨ ਨੂੰ ਬ੍ਰਿਜ ਭੂਸ਼ਣ ਸਿੰਘ ਦੀ ਤਾਕਤ ਨਾਲ ਜੂਝਣਾ ਪਵੇਗਾ।



ਅਨੀਤਾ ਸ਼ਿਓਰੇਨ ਰਚੇਗੀ ਇਤਿਹਾਸ 
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ ਕਿ ਅਨੀਤਾ ਸ਼ਿਓਰੇਨ ਨੇ 31 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਹ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਬਣੇਗੀ। ਅਹਿਮ ਹੈ ਕਿ ਔਰਤਾਂ ਨੇ ਇਸ ਵੱਕਾਰੀ ਖੇਡ ਵਿੱਚ ਕਈ ਪ੍ਰਾਪਤੀਆਂ ਕੀਤੀਆਂ ਹਨ ਪਰ ਫਿਰ ਵੀ ਪ੍ਰਬੰਧ ਪੁਰਸ਼ਾਂ ਦੇ ਹੱਥਾਂ ਵਿੱਚ ਹੈ। ਇੱਥੋਂ ਤੱਕ ਕਿ ਇਸ ਵਾਟਰਸ਼ਡ ਡਬਲਯੂਐਫਆਈ ਚੋਣ ਲਈ, ਵੋਟਰਾਂ ਤੇ ਉਮੀਦਵਾਰਾਂ ਦੀ 50 ਮੈਂਬਰੀ ਸੂਚੀ ਵਿੱਚ ਅਨੀਤਾ ਇਕਲੌਤੀ ਔਰਤ ਹੈ। ਉਸ ਵੱਲੋਂ 38 ਸਾਲਾ ਬ੍ਰਿਜ ਭੂਸ਼ਣ ਦੇ ਪੈਨਲ ਦੇ ਦੋ ਖਿਡਾਰੀਆਂ ਨਾਲ ਮੁਕਾਬਲਾ ਕਰਨ ਦੀ ਸੰਭਾਵਨਾ ਹੈ।


ਹੋਰ ਅਹੁਦਿਆਂ ਲਈ ਵੀ ਨਾਮਜ਼ਦਗੀ ਦਾਖਲ 
ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐਸਪੀਬੀ) ਦੇ ਸਕੱਤਰ ਪ੍ਰੇਮ ਚੰਦ ਲੋਚਬ, ਜੋ ਅਨੀਤਾ ਦੇ ਪੈਨਲ ਵਿੱਚ ਹਨ, ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਹਨ, ਜਦੋਂਕਿ ਜੰਮੂ-ਕਸ਼ਮੀਰ ਦੇ ਸਾਬਕਾ ਪਹਿਲਵਾਨ ਦੁਸ਼ਯੰਤ ਸ਼ਰਮਾ ਨੇ ਉਪ ਪ੍ਰਧਾਨ ਤੇ ਖਜ਼ਾਨਚੀ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਪੈਨਲ ਦੀ ਪਸੰਦ ਹਰਿਆਣਾ ਦੇ ਹੋਟਲੀਅਰ ਦੇਵੇਂਦਰ ਕਾਦੀਆਨ ਹਨ।


ਬ੍ਰਿਜਭੂਸ਼ਨ ਸਿੰਘ ਕੈਂਪ ਤੋਂ ਨਾਮਜ਼ਦਗੀ
ਬ੍ਰਿਜ ਭੂਸ਼ਣ ਨੇ ਜਨਰਲ ਸਕੱਤਰ ਦੇ ਅਹੁਦੇ ਲਈ ਚੰਡੀਗੜ੍ਹ ਦੇ ਦਰਸ਼ਨ ਲਾਲ, ਖਜ਼ਾਨਚੀ ਦੇ ਅਹੁਦੇ ਲਈ ਉੱਤਰਾਖੰਡ ਦੇ ਸਤਿਆਪਾਲ ਸਿੰਘ ਦੇਸ਼ਵਾਲ ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਪੱਛਮੀ ਬੰਗਾਲ ਦੇ ਅਸਿਤ ਕੁਮਾਰ ਸਾਹਾ ਨੂੰ ਨਾਮਜ਼ਦ ਕੀਤਾ ਹੈ।


ਬ੍ਰਿਜਭੂਸ਼ਣ ਸਿੰਘ ਖਿਲਾਫ ਸੁਣਵਾਈ ਜਾਰੀ
ਸਾਬਕਾ WFI ਮੁਖੀ ਖਿਲਾਫ ਦਿੱਲੀ ਦੀ ਇਕ ਅਦਾਲਤ 'ਚ ਕੇਸ ਦੀ ਸੁਣਵਾਈ ਚੱਲ ਰਹੀ ਹੈ, ਜਿਸ ਨੇ ਲਗਪਗ ਇਕ ਹਫਤਾ ਪਹਿਲਾਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਸੋਮਵਾਰ ਨੂੰ ਬ੍ਰਿਜ ਭੂਸ਼ਣ ਕੈਂਪ ਨੇ ਰਾਜਧਾਨੀ 'ਚ ਬੈਠਕ ਕੀਤੀ ਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 25 'ਚੋਂ ਘੱਟੋ-ਘੱਟ 20 ਰਾਜਾਂ ਦੀਆਂ ਇਕਾਈਆਂ ਸਮਰਥਿਤ ਹਨ। ਅਜਿਹੇ 'ਚ ਵਿਰੋਧੀ ਕੈਂਪ ਦੀ ਅਗਵਾਈ ਕਰ ਰਹੀ ਅਨੀਤਾ ਸ਼ਿਓਰੇਨ ਲਈ ਮੁਕਾਬਲਾ ਆਸਾਨ ਨਹੀਂ।