IPL 2021: IPL ਦਾ 14ਵਾਂ ਸੀਜ਼ਨ ਮੁਲਤਵੀ ਕੀਤੇ ਜਾਣ ਮਗਰੋਂ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਇਹ ਹੁਣ ਕਦੋਂ ਕਰਵਾਇਆ ਜਾਵੇਗਾ। ਅਜਿਹੇ 'ਚ ਖ਼ਬਰ ਆ ਰਹੀ ਹੈ ਕਿ ਇਸ ਪ੍ਰਸਿੱਧ ਟੂਰਨਾਮੈਂਟ ਨੂੰ ਇੰਗਲੈਂਡ 'ਚ ਕਰਵਾਇਆ ਜਾ ਸਕਦਾ ਹੈ। ਆਈਪੀਐਲ ਦੇ ਬਚੇ ਹੋਏ ਬਾਕੀ 31 ਮੈਚ ਕਰਵਾਉਣ ਲਈ ਇੰਗਲਿਸ਼ ਕਾਉਂਟੀ ਵੱਲੋਂ ਪ੍ਰਸਤਾਵ ਮਿਲਣ ਦੀ ਖ਼ਬਰ ਹੈ।


ਖਿਡਾਰੀਆਂ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਮਗਰੋਂ IPL ਮੁਲਤਵੀ ਕੀਤਾ
ਜ਼ਿਕਰਯੋਗ ਹੈ ਕਿ ਭਾਰਤ 'ਚ ਖੇਡੇ ਜਾ ਰਹੇ ਆਈਪੀਐਲ ਦੇ ਨਵੇਂ ਸੀਜ਼ਨ ਨੂੰ 29 ਮੈਚਾਂ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ। ਇਹ ਫ਼ੈਸਲਾ ਬੀਸੀਸੀਆਈ ਨੇ ਮੰਗਲਵਾਰ 4 ਮਈ ਨੂੰ ਆਈਪੀਐਲ ਗਵਰਨਿੰਗ ਕੌਂਸਲ ਦੀ ਐਮਰਜੈਂਸੀ ਮੀਟਿੰਗ 'ਚ ਲਿਆ ਸੀ। ਦਰਅਸਲ, ਟੀਮ ਬਬਲ ਦੇ ਅੰਦਰ ਖਿਡਾਰੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਬੋਰਡ ਵੱਲੋਂ ਆਈਪੀਐਲ ਦੇ ਬਚੇ ਹੋਏ ਮੈਚਾਂ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।

ਇੰਗਲਿਸ਼ ਕਾਊਂਟੀ ਗਰੁੱਪ ਨੇ ਆਈਪੀਐਲ ਕਰਾਉਣ 'ਚ ਦਿਲਚਸਪੀ ਵਿਖਾਈ
ਇਕ ਰਿਪੋਰਟ ਦੇ ਅਨੁਸਾਰ ਇੰਗਲਿਸ਼ ਕਾਊਂਟੀ ਦੇ ਇੱਕ ਗਰੁੱਪ ਨੇ ਇਸ ਸਾਲ ਸਤੰਬਰ 'ਚ ਆਈਪੀਐਲ 2021 ਦੇ ਬਾਕੀ ਸੀਜ਼ਨ ਦੀ ਮੇਜ਼ਬਾਨੀ ਕਰਨ 'ਚ ਦਿਲਚਸਪੀ ਵਿਖਾਈ ਹੈ। ESPNcricinfo ਦੀ ਰਿਪੋਰਟ ਮੁਤਾਬਕ ਐਮਸੀਸੀ, ਸਰੀ, ਵਾਰਵਿਕਸ਼ਾਇਰ ਅਤੇ ਲੈਂਕਸ਼ਾਇਰ ਨੇ ਈਸੀਬੀ ਨੂੰ ਇਕ ਚਿੱਠੀ ਭੇਜੀ ਹੈ। ਇਸ ਚਿੱਠੀ 'ਚ ਇਸ ਸਾਲ ਸਤੰਬਰ ਦੇ ਦੂਜੇ ਹਫ਼ਤੇ 'ਚ ਬਾਕੀ ਮੈਚ ਕਰਾਉਣ ਦੀ ਯੋਜਨਾ ਭੇਜੀ ਗਈ ਹੈ।

ਇਹ ਸਮਝਿਆ ਜਾ ਰਿਹਾ ਹੈ ਕਿ ਜੇ ਪੇਸ਼ਕਸ਼ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਲੈਂਕਾਸ਼ਾਇਰ ਦੇ ਅਮੀਰਾਤ ਓਲਡ ਟ੍ਰੈਫੋਰਡ (ਮੈਨਚੇਸਟਰ 'ਚ) ਦੀ ਵਰਤੋਂ ਟੂਰਨਾਮੈਂਟ ਲਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਗਲੈਂਡ 'ਚ ਆਈਪੀਐਲ ਦਾ ਆਯੋਜਨ ਕਰਵਾਏ ਜਾਣ ਨਾਲ ਟੀ20 ਵਰਲਡ ਕੱਪ ਲਈ ਯੂਏਈ ਦੀਆਂ ਪਿੱਚਾਂ ਫਰੈੱਸ਼ ਰਹਿਣਗੀਆਂ। ਜੇ ਕੋਵਿਡ-19 ਕਾਰਨ ਟੀ20 ਵਰਲਡ ਕੱਪ ਦਾ ਆਯੋਜਨ ਭਾਰਤ 'ਚ ਨਾ ਹੋਇਆ ਤਾਂ ਫਿਰ ਇਸ ਨੂੰ ਯੂਏਈ 'ਚ ਕਰਵਾਇਆ ਜਾ ਸਕਦਾ ਹੈ ਅਤੇ ਇਹ ਕਾਫ਼ੀ ਵਧੀਆ ਮੂਵ ਰਹੇਗਾ।

ਆਈਸੀਸੀ ਵਰਲਡ ਕੱਪ ਤੋਂ ਹੋ ਸਕਦੈ IPL
ਦੱਸ ਦੇਈਏ ਕਿ ਭਾਰਤੀ ਟੀਮ ਵੀ ਇਸ ਸਾਲ ਇੰਗਲੈਂਡ ਦੇ ਦੌਰੇ 'ਤੇ ਜਾਵੇਗੀ। ਅਗਸਤ ਤੋਂ ਸਤੰਬਰ ਦੇ ਵਿਚਕਾਰ ਇੰਗਲੈਂਡ ਦੇ ਵਿਰੁੱਧ ਟੀਮ ਇੰਡੀਆ 5 ਟੈਸਟ ਮੈਚ ਖੇਡੇਗੀ। ਅਜਿਹੀ ਸਥਿਤੀ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਆਈਸੀਸੀ ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਕੋਲ ਸਮਾਂ ਹੋਵੇਗਾ ਅਤੇ ਉਸ ਸਮੇਂ ਦੌਰਾਨ ਆਈਪੀਐਲ ਦੇ ਬਾਕੀ ਮੈਚ ਕਰਵਾਏ ਜਾ ਸਕਦੇ ਹਨ।