ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ। ਉਹ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ। ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਸਨੀਕ ਸੀ। ਯਸ਼ਪਾਲ ਸ਼ਰਮਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕੁਝ ਦਿਨਾਂ ਤੱਕ ਐਂਪਾਇਰਿੰਗ ਵੀ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਟੀਮ ਇੰਡੀਆ ਦਾ ਚੋਣਕਾਰ ਨਿਯੁਕਤ ਕੀਤਾ ਗਿਆ ਸੀ।

 

ਦਿਲੀਪ ਕੁਮਾਰ ਜੀ ਨੇ ਮੇਰੀ ਜ਼ਿੰਦਗੀ ਬਣਾਈ: ਯਸ਼ਪਾਲ

 

ਭਾਰਤ ਨੇ 1983 ਵਿੱਚ ਪਹਿਲਾ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ, ਯਸ਼ਪਾਲ ਸ਼ਰਮਾ ਵੀ ਇਸ ਟੀਮ ਦਾ ਹਿੱਸਾ ਸਨ। ਯਸ਼ਪਾਲ ਨੂੰ ਸਰਬੋਤਮ ਕ੍ਰਿਕਟਰ ਬਣਾਉਣ ਵਿੱਚ ਦਿਲੀਪ ਕੁਮਾਰ ਦੀ ਵੀ ਵੱਡੀ ਭੂਮਿਕਾ ਸੀ। ਯਸ਼ਪਾਲ ਸ਼ਰਮਾ ਨੇ ਖ਼ੁਦ ਇਸ ਤੱਥ ਨੂੰ ਸਵੀਕਾਰਿਆ ਸੀ। ਉਨ੍ਹਾਂ ਕਿਹਾ ਸੀ ਕਿ ਜਿੰਨਾ ਚਿਰ ਮੈਂ ਜਿੰਦਾ ਹਾਂ ਦਲੀਪ ਸਹਿਬ ਮੇਰੇ ਪਸੰਦੀਦਾ ਰਹਿਣਗੇ। ਲੋਕ ਉਨ੍ਹਾਂ ਨੂੰ ਦਿਲੀਪ ਕੁਮਾਰ ਕਹਿੰਦੇ ਹਨ, ਮੈਂ ਉਨ੍ਹਾਂ ਨੂੰ ਯੂਸਫ਼ ਭਾਈ ਕਹਿੰਦਾ ਹਾਂ। ਉਹਨਾਂ ਹੀ ਕ੍ਰਿਕਟ ਵਿੱਚ ਮੇਰੀ ਜ਼ਿੰਦਗੀ ਬਣਾਈ।

 

ਮੈਂ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ: ਕਪਿਲ ਦੇਵ

 

ਕਪਿਲ ਦੇਵ 1983 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਸਨ, ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ। ਦਿਲੀਪ ਵੈਂਗਸਰਕਰ ਨੇ ਕਿਹਾ ਕਿ ਅਸੀਂ ਦੋਵੇਂ ਚੰਗੇ ਦੋਸਤ ਸਨ। ਮੈਂ ਉਨ੍ਹਾਂ ਦੀ ਮੌਤ ਦੀ ਖ਼ਬਰ ਉਤੇ ਵਿਸ਼ਵਾਸ ਨਹੀਂ ਕਰ ਸਕਦਾ।

 

 





 

37 ਟੈਸਟ ਤੇ 42 ਵਨਡੇ ਖੇਡੇ ਹਨ

 

ਯਸ਼ਪਾਲ ਨੇ ਦੇਸ਼ ਲਈ 37 ਟੈਸਟ ਮੈਚਾਂ ਵਿੱਚ 33.46 ਦੀ ਔਸਤ ਨਾਲ 1606 ਦੌੜਾਂ ਬਣਾਈਆਂ। ਇਸ ਵਿੱਚ ਦੋ ਸੈਂਕੜੇ ਦੇ ਨਾਲ 9 ਅਰਧ ਸੈਂਕੜੇ ਹਨ। ਜਦੋਂ ਕਿ 42 ਵਨਡੇ ਮੈਚਾਂ ਵਿੱਚ ਉਨ੍ਹਾਂ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ 4 ਅਰਧ ਸੈਂਕੜੇ ਲਗਾਏ।

 

1978 ਵਿੱਚ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ

 

ਯਸ਼ਪਾਲ ਸ਼ਰਮਾ ਵਿਕਟਕੀਪਰ ਦੇ ਨਾਲ ਮੱਧਮ ਤੇਜ਼ ਗੇਂਦਬਾਜ਼ ਵੀ ਸੀ। ਉਨ੍ਹਾਂ ਟੈਸਟ ਅਤੇ ਵਨਡੇ ਮੈਚਾਂ ਵਿੱਚ 1-1 ਵਿਕਟ ਵੀ ਲਏ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 13 ਅਕਤੂਬਰ 1978 ਨੂੰ ਵਨਡੇ ਨਾਲ ਕੀਤੀ ਸੀ। ਇਹ ਮੈਚ ਪਾਕਿਸਤਾਨ ਖਿਲਾਫ ਸਿਆਲਕੋਟ ਵਿੱਚ ਖੇਡਿਆ ਗਿਆ ਸੀ। ਅਗਲੇ ਸਾਲ ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਆਪਣਾ ਟੈਸਟ ਡੈਬਿਊ ਵੀ ਕੀਤਾ। ਇਹ ਮੈਚ 2 ਅਗਸਤ 1979 ਨੂੰ ਲਾਰਡਜ਼ ਵਿਖੇ ਖੇਡਿਆ ਗਿਆ ਸੀ।