ਚੰਡੀਗੜ੍ਹ: ਸਿਰੀ ਹਫ਼ਸੋ ਨਾਂ ਦੀ ਇੱਕ ਔਰਤ ਨੂੰ ਆਪਣਾ ਨਾਂ ਸਾਲ 2011 ਤੱਕ ਤਾਂ ਬਹੁਤ ਵਧੀਆ ਜਾਪਦਾ ਸੀ ਪਰ ਜਦ ਤੋਂ ‘ਐਪਲ’ ਨੇ ਆਪਣਾ ਡਿਜੀਟਲ ਅਸਿਸਟੈਂਟ ‘ਸਿਰੀ’ ਲਾਂਚ ਕੀਤਾ, ਤਦ ਤੋਂ ਸਭ ਕੁਝ ਬਦਲਣ ਲੱਗਾ। ਹੁਣ ਸਿਰੀ ਹਫ਼ਸੋ ਨੇ ‘ਐਪਲ’ ਦੇ ਸੀਈਓ ਟਿਮ ਕੁੱਕ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਇੱਕ ਮੁਫ਼ਤ ਲੈਪਟੌਪ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਂ ਦਾ ਕਈ ਸਾਲਾਂ ਤੱਕ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ, ਇਸ ਲਈ ਉਨ੍ਹਾਂ ਦਾ ਇੱਕ ਲੈਪਟੌਪ ਲੈਣ ਦਾ ਹੱਕ ਬਣਦਾ ਹੈ। ਇਸ ਤੋਂ ਪਹਿਲਾਂ ਸਿਰੀ ਹਫ਼ਸੋ ਦਾ ਨਾਂ ਲੈਣ ਲਈ ਲੋਕ ਕਾਫ਼ੀ ਸੰਘਰਸ਼ ਕਰਦੇ ਸਨ ਪਰ ਹੁਣ ਸਭ ਤਬਦੀਲ ਹੋ ਗਿਆ ਹੈ।


 


ਸਿਰੀ ਹਫ਼ਸੋ ਨੇ ਆਪਣੀ ਚਿੱਠੀ ’ਚ ਲਿਖਿਆ ਹੈ ਹੈਲੋ ਟਿਮ। ਤੁਹਾਨੂੰ ਪਤਾ ਹੈ ਕਿ ਮੇਰਾ ਨਾਂ ਸਿਰੀ ਹੈ। ਸਾਲ 2011 ਤੱਕ ਮੈਂ ਇੱਕ ਅਜਿਹੀ ਬੱਚੀ ਸਾਂ ਕਿ ਜਿਸ ਨੂੰ ਸੂਵੀਨਾਰ ਦੀ ਦੁਕਾਨ ਉੱਤੇ ਕਦੇ ਆਪਣੇ ਨਾਂ ਦਾ ਕੋਈ ਵੀ ਚਾਬੀ ਦਾ ਛੱਲਾ ਨਹੀਂ ਲੱਭਿਆ ਸੀ। ਸਿਰੀ ਨੇ ਅੱਗੇ ਲਿਖਿਆ ਪਹਿਲਾਂ ਕਿਸੇ ਨੂੰ ਮੇਰਾ ਨਾਂ ਲੈਣਾ ਨਹੀਂ ਸੀ ਆਉਂਦਾ। ਤਦ ਮੈਨੂੰ ਸਾਰੇ ਇਹੋ ਆਖਦੇ ਹੁੰਦੇ ਸਨ ਕਿ ਮੇਰਾ ਨਾਂ ਬਹੁਤ ਸੋਹਣਾ ਤੇ ਵਿਲੱਖਣ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਇਹ ਵੇਖ ਸਕਦੇ ਹੋ ਕਿ ਇਹ ਕਿੱਧਰ ਨੂੰ ਜਾ ਰਿਹਾ ਹੈ।


 


ਉਨ੍ਹਾਂ ਅੱਗੇ ਲਿਖਿਆ ਹੈ ਕਿ ਉਨ੍ਹਾਂ ਦੇ ਨਾਂ ਉੱਤੇ ਕਈ ਸਾਲ ਲਤੀਫ਼ੇ ਬਣਦੇ ਰਹੇ। ‘ਮੈਨੂੰ ਆਸ ਹੈ ਕਿ ਮੇਰੇ 30ਵੇਂ ਜਨਮ ਦਿਨ ਮੌਕੇ ਮੈਨੂੰ ਇੱਕ ਲੈਪਟੌਪ ਜ਼ਰੂਰ ਤੋਹਫ਼ੇ ’ਚ ਦੇਵੇਗਾ।’ ਇਹ ਸੰਦੇਸ਼ ਇੱਕ ਟਿਕਟੌਕ ਵਿਡੀਓ ਦੇ ਰੂਪ ਵਿੱਚ ਹੈ ਤੇ ਉਸ ਵਿੱਚ ਅੱਗੇ ਟੈਕਸਟ ਲਿਖਿਆ ਹੋਇਆ ਹੈ। ‘ਮੈਂ ਐਪਲ ਦੇ ਸੀਈਓ ਨੂੰ ਇੱਕ ਈਮੇਲ ਭੇਜੀ ਸੀ ਤੇ ਆਖਿਆ ਸੀ ਕਿ ਅਗਲੇ ਮਹੀਨੇ ਮੈਂ ਜਦੋਂ 30 ਸਾਲ ਦੀ ਹੋ ਜਾਵਾਂਗੀ, ਤਾਂ ਮੈਨੂੰ ਐਪਲ ਵੱਲੋਂ ਲੈਪਟੌਪ ਦਾ ਤੋਹਫ਼ਾ ਜ਼ਰੂਰ ਮਿਲੇਗਾ। ਮੇਰੀ ਇਹੋ ਇੱਕੋ-ਇੱਕ ਇੱਛਾ ਹੈ।’ ਸਿਰੀ ਹਫ਼ਸੋ ਦੀ ਇਹ ਵਿਡੀਓ ਵਾਇਰ ਹੋ ਚੁੱਕੀ ਹੈ ਤੇ ਇਹ ਖ਼ਬਰ ਲਿਖੇ ਜਾਣ ਤੱਕ ਇਸ ਉੱਤੇ 17,000 ਤੋਂ ਵੱਧ ‘ਲਾਈਕਸ’ ਹੋ ਚੁੱਕੇ ਸਨ ਤੇ ਅਨੇਕ ਲੋਕਾਂ ਨੈ ਕਮੈਂਟ ਵੀ ਕੀਤੇ ਹੋਏ ਸਨ।