Railway Ticket Refund Scam: ਇੱਕ ਪਾਸੇ ਸਰਕਾਰ ਦੇਸ਼ ਵਿੱਚ ਸਾਈਬਰ ਧੋਖਾਧੜੀ ਨੂੰ ਘੱਟ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਦੂਜੇ ਪਾਸੇ, ਘੁਟਾਲੇ ਕਰਨ ਵਾਲੇ ਹਮੇਸ਼ਾ ਲੋਕਾਂ ਨੂੰ ਧੋਖਾ ਦੇਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਹਨ। 
ਇਸੇ ਲੜੀ ਵਿੱਚ ਰੇਲਵੇ ਟਿਕਟ ਰਿਫੰਡ ਘੋਟਾਲਾ ਸਾਹਮਣੇ ਆਇਆ ਹੈ, ਜਿੱਥੇ ਘੁਟਾਲੇ ਕਰਨ ਵਾਲੇ ਰੇਲਵੇ ਅਧਿਕਾਰੀ ਹੋਣ ਦਾ ਢੌਂਗ ਕਰਦੇ ਹਨ ਤੇ ਕਹਿੰਦੇ ਹਨ ਕਿ ਤੁਹਾਡੀ ਟਿਕਟ ਰੱਦ ਕਰ ਦਿੱਤੀ ਗਈ ਹੈ। ਜੇ ਤੁਸੀਂ ਰਿਫੰਡ ਲੈਣਾ ਚਾਹੁੰਦੇ ਹੋ ਤਾਂ ਬੈਂਕ ਦੇ ਵੇਰਵੇ ਦੱਸੋ। ਰਿਫੰਡ ਲੈਣ ਲਈ ਲੋਕ ਬੈਂਕ ਡਿਟੇਲ ਦੇ ਕੇ ਇਸ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।


ਕੀ ਹੈ ਰੇਲਵੇ ਟਿਕਟ ਰਿਫੰਡ ਘੁਟਾਲਾ?


ਘੁਟਾਲੇ ਕਰਨ ਵਾਲੇ ਖ਼ੁਦ ਨੂੰ ਰੇਲਵੇ ਵਿਭਾਗ ਦੇ ਮੁਲਾਜ਼ਮ ਦੱਸਕੇ ਫੋਨ ਕਰਨਗੇ ਤੇ ਕੋਈ ਵੀ ਕਾਰਨ ਦੱਸਦਿਆਂ, ਤੁਹਾਡੇ ਬੈਂਕ ਵੇਰਵੇ ਮੰਗਣਗੇ, ਜਿਸ ਵਿੱਚ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਨੰਬਰ, OTP, ATM PIN, CVV ਨੰਬਰ ਜਾਂ ਪੈਨ ਨੰਬਰ ਅਤੇ ਜਨਮ ਮਿਤੀ ਸ਼ਾਮਲ ਹੋ ਸਕਦੀ ਹੈ। ਜੇ ਤੁਸੀਂ ਇਸ ਨਿੱਜੀ ਜਾਣਕਾਰੀ ਨੂੰ ਘੁਟਾਲੇ ਕਰਨ ਵਾਲਿਆਂ ਨਾਲ ਸਾਂਝਾ ਕਰਦੇ ਹੋ ਤਾਂ ਤੁਹਾਡੇ ਖਾਤੇ ਨੂੰ ਖਾਲੀ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ।


ਆਪਣੇ ਆਪ ਨੂੰ ਇਸ ਘੁਟਾਲੇ ਤੋਂ ਕਿਵੇਂ ਬਚਾਇਆ ਜਾਵੇ


ਆਪਣੇ ਬੈਂਕ ਵੇਰਵਿਆਂ ਜਿਵੇਂ ਕਿ ਪਾਸਵਰਡ, OTP ਅਤੇ ATM PIN ਨੂੰ ਕਿਸੇ ਨਾਲ ਸਾਂਝਾ ਨਾ ਕਰੋ।
ਕਿਸੇ ਦੀ ਸਲਾਹ 'ਤੇ ਕੋਈ ਵੀ ਐਪ ਇੰਸਟਾਲ ਨਾ ਕਰੋ, ਨਹੀਂ ਤਾਂ ਡਿਵਾਈਸ ਦਾ ਕੰਟਰੋਲ ਸਕੈਮਰ ਕੋਲ ਚਲਾ ਜਾਵੇਗਾ।
ਕਿਸੇ ਵੀ ਅਣਜਾਣ ਕਾਲ 'ਤੇ ਤੁਰੰਤ ਪ੍ਰਤੀਕਿਰਿਆ ਨਾ ਕਰੋ। ਆਪਣਾ ਕੰਮ ਸੋਚ ਸਮਝ ਕੇ ਕਰੋ।
ਸ਼ੱਕ ਦੀ ਸਥਿਤੀ ਵਿੱਚ, IRCTC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ ਅਤੇ ਉਨ੍ਹਾਂ ਦੇ ਗਾਹਕ ਸੇਵਾ ਨੰਬਰ 'ਤੇ ਕਾਲ ਕਰੋ।
ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਰਿਫੰਡ ਬਾਰੇ ਜਾਣਕਾਰੀ ਪ੍ਰਾਪਤ ਕਰੋ
IRCTC ਸਿਰਫ ਅਧਿਕਾਰਤ ਈਮੇਲਾਂ ਅਤੇ ਸੰਦੇਸ਼ਾਂ ਰਾਹੀਂ ਰਿਫੰਡ ਦੀ ਜਾਣਕਾਰੀ ਭੇਜਦਾ ਹੈ। ਬੈਂਕ ਦੇ ਵੇਰਵੇ ਕਦੇ ਵੀ ਫ਼ੋਨ 'ਤੇ ਨਹੀਂ ਪੁੱਛੇ ਜਾਂਦੇ ਹਨ।


ਇੱਥੇ ਸਾਈਬਰ ਧੋਖਾਧੜੀ ਬਾਰੇ ਸ਼ਿਕਾਇਤ ਕਰੋ


ਜੇਕਰ ਤੁਹਾਡੇ ਨਾਲ ਕਿਸੇ ਕਿਸਮ ਦੀ ਸਾਈਬਰ ਧੋਖਾਧੜੀ ਹੁੰਦੀ ਹੈ, ਤਾਂ ਤੁਸੀਂ https://cybercrime.gov.in 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ 1930 ਡਾਇਲ ਕਰਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।