ਨਵੀਂ ਦਿੱਲੀ: ਕੋਰੋਨਾ ਕਾਲ 'ਚ ਇੰਟਰਨੈਟ ਦੀ ਵਰਤੋਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਆਨਲਾਈਨ ਠੱਗੀਆਂ ਦੇ ਮਾਮਲੇ ਦੀ ਤੇਜ਼ੀ ਨਾਲ ਵਧੇ ਹਨ। ਹੈਕਰ ਗੂਗਲ 'ਤੇ ਯੂਜ਼ਰਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਉਂਦੇ ਹਨ। ਗੂਗਲ 'ਤੇ ਅਸੀਂ ਅਕਸਰ ਅਜਿਹੀ ਜਾਣਕਾਰੀ ਸਰਚ ਕਰ ਲੈਂਦੇ ਹਾਂ ਜੋ ਸਾਡੇ ਲਈ ਨੁਕਸਾਨਦੇਹ ਹੁੰਦੀ ਹੈ।
ਹੈਕਰ ਇਨ੍ਹਾਂ ਸਰਚ ਨੂੰ ਵੇਖਦੇ ਰਹਿੰਦੇ ਹਨ ਅਤੇ ਜਿਵੇਂ ਹੀ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸਰਚ ਕਰਦੇ ਹੋ ਤਾਂ ਤੁਸੀਂ ਉਨ੍ਹਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹੋ। ਅਸੀਂ ਤੁਹਾਨੂੰ ਕੁਝ ਅਜਿਹੀਆਂ ਸਰਚ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਨਹੀਂ ਕਰਨੀ ਚਾਹੀਦੀ।
ਬੈਂਕ ਦੀ ਜਾਣਕਾਰੀ ਨਾ ਲਓ
ਕੋਰੋਨਾ ਕਾਲ 'ਚ ਆਨਲਾਈਨ ਬੈਂਕਿੰਗ ਤੇ ਟਰਾਂਜੈਕਸ਼ਨ 'ਚ ਪਹਿਲਾਂ ਨਾਲੋਂ ਕਾਫ਼ੀ ਵਾਧਾ ਹੋਇਆ ਹੈ। ਇਸ ਦੇ ਬਹੁਤ ਸਾਰੇ ਫ਼ਾਇਦੇ ਅਤੇ ਨੁਕਸਾਨ ਹਨ। ਆਨਲਾਈਨ ਧੋਖਾਧੜੀ ਕਰਨ ਵਾਲੇ ਹੈਕਰ ਬੈਂਕ ਦੀ ਤਰ੍ਹਾਂ ਯੂਆਰਐਲ ਬਣਾ ਦਿੰਦੇ ਹਨ। ਇਸ ਤੋਂ ਬਾਅਦ ਜਦੋਂ ਵੀ ਅਸੀਂ ਉਸ ਬੈਂਕ ਦਾ ਨਾਮ ਲਿਖਦੇ ਹਾਂ ਤਾਂ ਅਸੀਂ ਉਨ੍ਹਾਂ ਦੇ ਜਾਲ 'ਚ ਫਸ ਜਾਂਦੇ ਹਾਂ ਅਤੇ ਸਾਡੇ ਖਾਤੇ 'ਚੋਂ ਪੈਸੇ ਚੋਰੀ ਹੋ ਜਾਂਦੇ ਹਨ। ਇਸ ਲਈ ਹਮੇਸ਼ਾ ਗੂਗਲ ਦੀ ਅਧਿਕਾਰਤ ਵੈਬਸਾਈਟ ਤੋਂ ਬੈਂਕ ਬਾਰੇ ਜਾਣਕਾਰੀ ਲਓ।
ਕਟਮਰ ਕੇਅਰ ਦਾ ਨੰਬਰ ਸਰਚ ਨਾ ਕਰੋ
ਅਸੀਂ ਅਕਸਰ ਕਿਸੇ ਵੀ ਕਸਟਮਰ ਕੇਅਰ ਦਾ ਨੰਬਰ ਗੂਗਲ 'ਤੇ ਸਰਚ ਕਰਦੇ ਹਾਂ। ਜ਼ਿਆਦਾਤਰ ਲੋਕ ਇਸ ਕਾਰਨ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਹੈਕਰ ਕੰਪਨੀ ਦੀ ਫਰਜ਼ੀ ਵੈੱਬਸਾਈਟ ਬਣਾ ਕੇ ਆਪਣਾ ਨੰਬਰ ਤੇ ਈਮੇਲ ਆਈਡੀ ਗੂਗਲ 'ਤੇ ਪਾ ਦਿੰਦੇ ਹਨ ਤੇ ਅਸੀਂ ਉਨ੍ਹਾਂ ਵੱਲੋਂ ਮੰਗੀ ਜਾਣਕਾਰੀ ਦੇ ਦਿੰਦੇ ਹਾਂ। ਜਿਸ ਨਾਲ ਉਹ ਸਾਡੇ ਖਾਤੇ 'ਚ ਸੰਨ੍ਹ ਲਗਾ ਦਿੰਦੇ ਹਨ। ਸਾਨੂੰ ਭੁੱਲ ਕੇ ਕਦੇ ਵੀ ਗੂਗਲ 'ਤੇ ਕਸਟਮਰ ਕੇਅਰ ਦਾ ਨੰਬਰ ਸਰਚ ਨਹੀਂ ਕਰਨਾ ਚਾਹੀਦਾ। ਕੰਪਨੀ ਦੀ ਅਧਿਕਾਰਤ ਵੈਬਸਾਈਟ ਤੋਂ ਕਸਟਮਰ ਕੇਅਰ ਦਾ ਨੰਬਰ ਲਓ।
Google ਨੂੰ ਡਾਕਟਰ ਨਾ ਮੰਨੋ
ਅਕਸਰ, ਬਹੁਤ ਸਾਰੇ ਲੋਕ ਗੂਗਲ ਨੂੰ ਡਾਕਟਰ ਮੰਨਦੇ ਹਨ। ਕੋਈ ਵੀ ਬਿਮਾਰੀ ਹੋਣ 'ਤੇ ਉਹ ਉਸ ਦੇ ਲੱਛਣ ਪਾ ਕੇ ਦਵਾਈ ਬਾਰੇ ਸਰਚ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਬਿਮਾਰੀ ਬਾਰੇ ਜਾਣਕਾਰੀ ਇਕੱਠੀ ਕਰਨਾ ਗਲਤ ਨਹੀਂ ਹੈ, ਪਰ ਗੂਗਲ ਦੀ ਕਿਸੇ ਵੀ ਵੈਬਸਾਈਟ ਅਨੁਸਾਰ ਇਸ ਦਾ ਇਲਾਜ ਜਾਂ ਦਵਾਈਆਂ ਲੈਣਾ ਕਾਫ਼ੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਸਰਕਾਰੀ ਵੈੱਬਸਾਈਟ ਤੋਂ ਹੀ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ
ਕੇਂਦਰ ਸਰਕਾਰ ਡਿਜ਼ੀਟਲ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਇੰਟਰਨੈਟ 'ਤੇ ਪਾਉਂਦੀ ਹੈ। ਇਨ੍ਹਾਂ ਯੋਜਨਾਵਾਂ ਦੀਆਂ ਆਪਣੀਆਂ ਵੈੱਬਸਾਈਟਾਂ ਹਨ, ਜਿੱਥੋਂ ਤੁਸੀਂ ਉਸ ਯੋਜਨਾ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਕਸਰ ਸਾਈਬਰ ਅਪਰਾਧੀ ਧੋਖਾਧੜੀ ਕਰਨ ਲਈ ਸਰਕਾਰੀ ਵੈਬਸਾਈਟਾਂ ਦੀ ਤਰ੍ਹਾਂ ਨਕਲੀ ਵੈਬਸਾਈਟਾਂ ਬਣਾ ਦਿੰਦੇ ਹਨ। ਸਾਨੂੰ ਇਸ ਤੋਂ ਵੀ ਬਚਣ ਦੀ ਲੋੜ ਹੈ।