Elon Musk's Neuralink: ਐਲੋਨ ਮਸਕ ਦੀ ਕੰਪਨੀ ਨਿਊਰਾਲਿੰਕ ਮਨੁੱਖਾਂ ਦੇ ਦਿਮਾਗ ਵਿੱਚ ਕੰਪਿਊਟਰ ਚਿੱਪ ਲਾਉਣ 'ਤੇ ਕੰਮ ਕਰ ਰਹੀ ਹੈ ਤਾਂ ਜੋ ਮਨੁੱਖੀ ਦਿਮਾਗ ਨੂੰ ਮਸ਼ੀਨ ਦੁਆਰਾ ਚਲਾਇਆ ਜਾ ਸਕੇ। ਪਿਛਲੇ ਮਹੀਨੇ ਮਸਕ ਦੀ ਕੰਪਨੀ ਨਿਊਰਾਲਿੰਕ ਨੂੰ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਭਾਵ ਐਫਡੀਏ ਦੁਆਰਾ ਕਲੀਨਿਕਲ ਟਰਾਇਲ ਲਈ ਮਨਜ਼ੂਰੀ ਦਿੱਤੀ ਗਈ ਸੀ।


ਇਸ ਮਗਰੋਂ ਹੁਣ ਖਬਰ ਆ ਰਹੀ ਹੈ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਪਹਿਲਾ ਮਨੁੱਖੀ ਪਰੀਖਣ ਪੂਰਾ ਕਰ ਸਕਦੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਐਲੋਨ ਮਸਕ ਨੇ ਇੱਕ ਸਮਾਗਮ ਦੌਰਾਨ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਮਨੁੱਖੀ ਅਜ਼ਮਾਇਸ਼ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਟੈਸਟ ਕਿੰਨੇ ਲੋਕਾਂ ਵਿੱਚ ਹੋਵੇਗਾ ਤੇ ਇਹ ਟੈਸਟ ਕਿੰਨੇ ਸਮੇਂ ਤੱਕ ਚੱਲੇਗਾ।


ਜੇਕਰ ਮਸਕ ਦੀ ਕੰਪਨੀ ਨਿਊਰਾਲਿੰਕ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਇੱਕ ਵੱਡੀ ਪ੍ਰਾਪਤੀ ਹੋਵੇਗੀ ਤੇ ਇਸ ਤਕਨੀਕ ਦਾ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਅਧਰੰਗ, ਅੰਨ੍ਹੇਪਣ, ਯਾਦਦਾਸ਼ਤ ਦੀ ਕਮੀ ਜਾਂ ਨਿਊਰੋ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹਨ। ਖੈਰ, ਜੇਕਰ ਕਲੀਨਿਕਲ ਟ੍ਰਾਇਲ ਸਫਲ ਵੀ ਹੋ ਜਾਂਦਾ ਹੈ, ਤਾਂ ਮਸਕ ਦੀ ਕੰਪਨੀ ਨੂੰ ਆਪਣਾ ਵਪਾਰਕ ਲਾਇਸੈਂਸ ਪ੍ਰਾਪਤ ਕਰਨ ਵਿੱਚ ਇੱਕ ਦਹਾਕੇ ਤੋਂ ਵੱਧ ਸਮਾਂ ਲੱਗੇਗਾ। ਉਸ ਤੋਂ ਬਾਅਦ ਹੀ ਉਹ ਮਨੁੱਖੀ ਦਿਮਾਗ ਵਿੱਚ ਕੰਪਿਊਟਰ ਚਿੱਪ ਲਗਾਉਣ ਦੇ ਯੋਗ ਹੋਣਗੇ।


ਨਿਊਰਾਲਿੰਕ ਕੀ ਹੈ?
ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਨਿਊਰਾਲਿੰਕ ਚਿੱਪ ਕੀ ਹੈ। ਅਸਲ ਵਿੱਚ ਇਹ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਚਿਪ ਹੈ ਜੋ ਕੰਪਿਊਟਰ ਨਾਲ ਜੁੜੀ ਹੁੰਦੀ ਹੈ ਤੇ ਮਨੁੱਖੀ ਦਿਮਾਗ ਦੇ ਅੰਦਰ ਇੰਪਲਾਂਟ ਕੀਤੀ ਜਾਂਦੀ ਹੈ। ਫਿਰ ਕੰਪਿਊਟਰ ਦੀ ਮਦਦ ਨਾਲ ਦਿਮਾਗ ਨੂੰ ਸਿਗਨਲ ਦਿੱਤੇ ਜਾਂਦੇ ਹਨ। ਫਿਰ ਸਰੀਰ ਸਿਗਨਲਾਂ ਦੀ ਮਦਦ ਨਾਲ ਕੰਮ ਕਰਦਾ ਹੈ। ਇਸ ਚਿਪ ਦੀ ਮਦਦ ਨਾਲ ਸਮੇਂ ਤੋਂ ਪਹਿਲਾਂ ਕਈ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ ਤੇ ਸਮੇਂ ਸਿਰ ਉਨ੍ਹਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਨਿਊਰਾਲਿੰਕ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਅਪਾਹਜ ਜਾਂ ਅਧਰੰਗ ਦੇ ਸ਼ਿਕਾਰ ਹਨ।


ਨਿਊਰਾਲਿੰਕ ਨੂੰ 2016 ਵਿੱਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ 2022 ਵਿੱਚ ਐਫਡੀਏ ਤੋਂ ਮਨਜ਼ੂਰੀ ਮੰਗੀ ਸੀ, ਪਰ ਉਦੋਂ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਫਿਰ ਐਫਡੀਏ ਨੇ ਕਈ ਸਮੱਸਿਆਵਾਂ ਦੀ ਗੱਲ ਕੀਤੀ ਸੀ ਪਰ ਪਿਛਲੇ ਮਹੀਨੇ ਮਸਕ ਦੀ ਕੰਪਨੀ ਨੂੰ FDA ਤੋਂ ਮਨਜ਼ੂਰੀ ਮਿਲ ਗਈ ਹੈ। ਹੁਣ ਜਲਦੀ ਹੀ ਕੰਪਨੀ ਆਪਣਾ ਪਹਿਲਾ ਮਨੁੱਖੀ ਅਜ਼ਮਾਇਸ਼ ਸ਼ੁਰੂ ਕਰੇਗੀ।