Whatsapp Fraud: ਸੋਸ਼ਲ ਮੀਡੀਆ ਤੇ ਵਟਸਐਪ 'ਤੇ ਆਏ ਲਿੰਕ ਉਤੇ ਕਲਿੱਕ ਕਰਨ ਨਾਲ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖਦਸ਼ਾ ਹੈ ਕਿ ਘੁਟਾਲੇਬਾਜ਼ ਨਵੀਂ ਫਿਲਮ 'ਦ ਕਸ਼ਮੀਰ ਫਾਈਲਜ਼' ਦਾ ਲਿੰਕ ਡਾਊਨਲੋਡ ਕਰਨ ਦੇ ਬਹਾਨੇ ਵਟਸਐਪ 'ਤੇ ਅਜਿਹੇ ਮਾਲਵੇਅਰ ਭੇਜ ਸਕਦੇ ਹਨ, ਜੋ ਤੁਹਾਡੇ ਬੈਂਕ ਖਾਤੇ ਨੂੰ ਹੈਕ ਕਰਕੇ ਤੁਹਾਡੇ ਪੈਸੇ ਨੂੰ ਹੜੱਪ ਸਕਦੇ ਹਨ।


ਨੋਇਡਾ ਦੇ ਇੱਕ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਵਟਸਐਪ 'ਤੇ ਅਣਪਛਾਤੇ ਲੋਕਾਂ ਵੱਲੋਂ ਭੇਜੇ ਗਏ ਸ਼ੱਕੀ ਲਿੰਕ 'ਤੇ ਕਲਿੱਕ ਕਰਨ ਤੋਂ ਸੁਚੇਤ ਕੀਤਾ। ਅਧਿਕਾਰੀ ਨੇ ਕਿਹਾ ਕਿ ਸਾਈਬਰ ਅਪਰਾਧੀ ਆਨਲਾਈਨ ਭੁਗਤਾਨ ਕਰਨ ਦੇ ਬਹਾਨੇ ਅਜਿਹੇ ਲਿੰਕ ਭੇਜ ਸਕਦੇ ਹਨ ਜਾਂ ਕਿਸੇ ਮਸ਼ਹੂਰ ਫਿਲਮ ਜਾਂ ਵੀਡੀਓ ਤੱਕ ਮੁਫਤ ਪਹੁੰਚ ਲਈ ਲਿੰਕ ਸਾਂਝਾ ਕਰ ਸਕਦੇ ਹਨ, ਤਾਂ ਜੋ ਉਪਭੋਗਤਾਵਾਂ ਦੇ ਫੋਨ ਹੈਕ ਕੀਤੇ ਜਾ ਸਕਣ ਤੇ ਉਨ੍ਹਾਂ ਦੇ ਮੋਬਾਈਲ ਨੰਬਰਾਂ ਨਾਲ ਜੁੜੇ ਬੈਂਕ ਖਾਤਿਆਂ ਨੂੰ ਖਾਲੀ ਕੀਤਾ ਜਾ ਸਕੇ।


ਵਧੀਕ ਡਿਪਟੀ ਕਮਿਸ਼ਨਰ (ਨੋਇਡਾ) ਰਣਵਿਜੇ ਸਿੰਘ ਦੇ ਅਨੁਸਾਰ, ਪੁਲਿਸ ਨੂੰ ਪਤਾ ਲੱਗਾ ਹੈ ਕਿ ਨਵੀਂ ਰਿਲੀਜ਼ ਹੋਈ ਫਿਲਮ 'ਦ ਕਸ਼ਮੀਰ ਫਾਈਲਜ਼' ਦਾ ਲਿੰਕ ਸਾਂਝਾ ਕਰਨ ਦੇ ਬਹਾਨੇ ਸਾਈਬਰ ਫਰਾਡ ਵਟਸਐਪ 'ਤੇ ਅਜਿਹੇ ਮਾਲਵੇਅਰ ਭੇਜ ਸਕਦੇ ਹਨ।


ਵਧੀਕ ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ਅਜੇ ਤੱਕ ਅਜਿਹਾ ਕੋਈ ਖਾਸ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ 'ਚ ਫਿਲਮ ਦੇ ਨਾਂ ਦੀ ਵਰਤੋਂ ਕੀਤੀ ਗਈ ਹੋਵੇ, ਪਰ ਅਜਿਹਾ ਤਰੀਕਾ ਲੋਕਾਂ ਦੇ ਫੋਨ ਹੈਕ ਕਰਨ ਜਾਂ ਪੈਸੇ ਠੱਗਣ ਲਈ ਵਰਤਿਆ ਜਾ ਸਕਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਵਟਸਐਪ 'ਤੇ ਲੋਕਾਂ ਨਾਲ ਲਿੰਕ ਸਾਂਝੇ ਕੀਤੇ ਗਏ ਸਨ, ਜਿੱਥੇ ਭੋਲੇ-ਭਾਲੇ ਫੋਨ ਉਪਭੋਗਤਾਵਾਂ ਨੇ ਕੁਝ ਕਲਿੱਕਾਂ ਤੋਂ ਬਾਅਦ ਆਪਣੇ ਬੈਂਕ ਖਾਤਿਆਂ ਵਿੱਚ ਆਪਣੀ ਬੱਚਤ ਗੁਆ ਦਿੱਤੀ ਸੀ।


ਤਿੰਨ ਲੋਕਾਂ ਦਾ 30 ਲੱਖ ਰੁਪਏ ਦਾ ਨੁਕਸਾਨ ਹੋਇਆ


ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿੱਚ 24 ਘੰਟਿਆਂ ਦੇ ਅੰਦਰ ਤਿੰਨ ਲੋਕਾਂ ਵੱਲੋਂ ਇੱਕੋ ਥਾਣੇ ਤੋਂ ਸਾਈਬਰ ਧੋਖਾਧੜੀ ਦੀਆਂ ਅਜਿਹੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਸ ਵਿੱਚ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਆਨਲਾਈਨ ਧੋਖਾਧੜੀ ਦੀ ਸੂਰਤ ਵਿੱਚ ਤੁਰੰਤ ਸਾਈਬਰ ਹੈਲਪਲਾਈਨ 1930 ਜਾਂ 155260 'ਤੇ ਕਾਲ ਕਰਨ।


ਇਹ ਵੀ ਪੜ੍ਹੋ: ਪੈਦਲ ਚੱਲਣ ਨਾਲ ਵਧਦੀ ਉਮਰ, ਰੋਜ਼ਾਨਾ 6 ਤੋਂ 10 ਹਜ਼ਾਰ ਕਦਮ ਤੁਰਨ ਨਾਲ ਮੌਤ ਦਾ ਖਤਰਾ 53 ਫੀਸਦੀ ਤੱਕ ਘਟਦਾ