ਚੰਡੀਗੜ੍ਹ: ਇੰਟਰਨੈੱਟ ਦੀ ਦੁਨੀਆ ਵਿੱਚ ਵੱਡੇ ਬਦਲਾਅ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਆਦਾਤਰ ਦੇਸ਼ਾਂ ਵਿੱਚ 5G ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਹੁਣ ਭਾਰਤ ਵਿੱਚ ਵੀ 5G ਸਪੈਕਟ੍ਰਮ ਸਬੰਧੀ ਅਗਲੇ ਸਾਲ ਤਕ ਨਿਲਾਮੀ ਸ਼ੁਰੂ ਹੋ ਜਾਏਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 5G ਆਉਣ ਬਾਅਦ ਮੌਜੂਦਾ ਇੰਟਰਨੈੱਟ ਦੀ ਸਪੀਡ 10 ਗੁਣਾ ਤਕ ਵਧ ਜਾਏਗੀ। ਅੱਜ ਤੁਹਾਨੂੰ 5G ਨਾਲ ਸਬੰਧਿਤ ਅਹਿਮ ਜਾਣਕਾਰੀ ਦਵਾਂਗੇ।

ਕੀ ਹੈ 5G?

5G ਨੂੰ ਇੰਟਰਨੈਟ ਦੀ 5ਵੀਂ ਜਨਰੇਸ਼ਨ ਕਿਹਾ ਜਾਂਦਾ ਹੈ ਜਿਸ ਦੀ ਸਪੀਡ Gbps ਤਕ ਹੋ ਸਕਦੀ ਹੈ। ਇਸ ਦੀ ਪਹੁੰਚ ਸਿਰਫ ਮੋਬਾਈਲ ਇੰਟਰਨੈੱਟ ਤਕ ਹੀ ਨਹੀਂ, ਬਲਿਕ ਹੋਰ ਖੇਤਰਾਂ ਵਿੱਚ ਵੀ ਹੋਵੇਗੀ। ਇਸ ਦੀ ਮਦਦ ਨਾਲ ਵੱਡੇ ਤੋਂ ਵੱਡੇ ਡੇਟਾ ਨੂੰ ਵੀ ਮਿੰਟਾਂ ਵਿੱਚ ਡਾਊਨਲੋਡ ਕੀਤਾ ਜਾ ਸਕੇਗਾ।

ਕਿਵੇਂ ਕਰੇਗਾ ਕੰਮ?

5 ਜੀ ਹਾਈ ਫ੍ਰੀਕੁਏਂਸੀ ਬੈਂਡ 3.5GHz ਤੋਂ 26GHz ਤੱਕ ਕੰਮ ਕਰੇਗਾ। ਇਸ ਫ੍ਰੀਕੁਏਂਸੀ ਵਿੱਚ ਵੇਵ ਲੈਂਥ ਬਹੁਤ ਘੱਟ ਹੁੰਦੀ ਹੈ ਤੇ ਹੋ ਸਕਦਾ ਹੈ ਕਿ ਇਸ ਲਈ ਘੱਟ ਉਚਾਈ ਵਾਲੇ ਮੋਬਾਈਲ ਟਾਵਰ ਲਾਉਣ ਦੀ ਲੋੜ ਪਵੇ। ਇਸ ਤੋਂ ਇਲਾਵਾ ਇਸ ਲਈ ਖਰਚੇ ਵੀ ਜਿਆਦਾ ਹੋਣਗੇ ਤੇ ਇਸ ਲਈ ਵੱਡੇ ਨਿਵੇਸ਼ ਦੀ ਲੋੜ ਪਵੇਗੀ।

4G ਬਨਾਮ 5G

4G ਸਪੀਡ 1,000 Mbps ਮੰਨੀ ਜਾਂਦੀ ਹੈ, ਪਰ ਇਸ ਦੀ ਐਵਰੇਜ ਸਪੀਡ ਹਾਲੇ ਵੀ ਸਿਰਫ 45 Mbps ਹੈ। 5G ਇਸ ਤੋਂ 10 ਗੁਣਾ ਤੇਜ਼ੀ ਨਾਲ ਕੰਮ ਕਰੇਗਾ, ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਸ਼ੁਰੂਆਤ ਵਿੱਚ ਇਹ ਕਿੰਨੀ ਦੇਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ 5G ਆਉਣ ਤੋਂ ਬਾਅਦ ਐਚਡੀ ਕਵਾਲਟੀ ਵਾਲੀਆਂ ਫਿਲਮਾਂ ਨੂੰ ਇੱਕ ਜਾਂ ਦੋ ਮਿੰਟ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।

5G ਆਉਣ ਬਾਅਦ ਇਹ ਹੋਣਗੇ ਬਦਲਾਅ

ਇਸ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ 5G ਆਉਣ ਬਾਅਦ ਕਿੰਨਾ ਬਦਲਾਅ ਆਏਗਾ ਦੁਨੀਆ ਸਮਾਰਟ ਜ਼ਰੂਰ ਬਣ ਜਾਏਗੀ। ਮੋਬਾਈਲ ਦੀ ਇੰਟਰਨੈਟ ਸਪੀਡ ਵਧਾਉਣ ਤੋਂ ਇਲਾਵਾ, ਸਮਾਰਟ ਸਿਟੀ, ਸਮਾਰਟ ਹੋਮ, ਸਮਾਰਟ ਸਕਿਉਰਟੀ, ਸਮਾਰਟ ਕਾਰ ਤੇ ਸਮਾਰਟ ਬਾਈਕ ਵਰਗੀਆਂ ਚੀਜ਼ਾਂ 5G ਦੀ ਮਦਦ ਨਾਲ ਹੀ ਬਣਨਗੀਆਂ। ਅਗਲੇ ਸਾਲ ਤਕ 5G ਸੇਵਾ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਅਮਰੀਕਾ ਤੇ ਦੱਖਣ ਕੋਰੀਆ ’ਚ ਅਗਲੇ ਸਾਲ ਮਾਰਚ ਤਕ 5G ਸੇਵਾ ਸ਼ੁਰੂ ਹੋਣ ਕੀ ਗੱਲ ਕੀਤੀ ਜਾ ਰਹੀ ਹੈ ਜਦਕਿ ਜਾਪਾਨ ਵਿੱਚ ਇਸੇ ਸਾਲ ਦੇ ਅਖ਼ੀਰ ਤਕ ਇਹ ਸੇਵਾ ਸ਼ੁਰੂ ਹੋ ਸਕਦੀ ਹੈ।

ਭਾਰਤ ਵਿੱਚ ਕਦੋਂ ਪੁੱਜੇਗਾ 5G?

ਭਾਰਤ ਵਿੱਚ ਅਗਲੇ ਸਾਲ 5G ਸਪੈਕਟ੍ਰਮ ਲਈ ਨਿਲਾਮੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਛੇਤੀ ਹੀ 5G 'ਤੇ ਕੰਮ ਸ਼ੁਰੂ ਹੋ ਜਾਵੇਗਾ। ਭਾਰਤ ਵਿੱਚ, ਰਿਲਾਇੰਸ ਜੀਓ ਨੇ 5G ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ 2020 ਤਕ ਤਾਂ ਭਾਰਤ ਪੂਰੀ ਤਰ੍ਹਾਂ 4G ਦੇਸ਼ ਹੀ ਬਣ ਪਾਏਗਾ। ਭਾਰਤ ਵਿੱਚ ਪੂਰੀ ਤਰ੍ਹਾਂ 5G ਦੀ ਸ਼ੁਰੂਆਤ ਹੋਣ ਦੀ ਉਮੀਦ 2022 ਤਕ ਲਾਈ ਜਾ ਸਕਦੀ ਹੈ। ਹਾਲਾਂਕਿ 2019 ਵਿੱਚ ਪਹਿਲਾ 5G ਸਪੋਰਟਿਡ ਸਮਾਰਟਫੋਨ ਆਉਣ ਦੀ ਸੰਭਾਵਨਾ ਹੈ।