ਵਾਸ਼ਿੰਗਟਨ: ਆਉਂਦੇ ਸਾਲ ਤੱਕ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਸਮਾਰਟਫ਼ੋਨਜ਼ ਆ ਜਾਣਗੇ। ਕੌਮਾਂਤਰੀ ਪੱਧਰ 'ਤੇ ਸਮਾਰਟਫੋਨਾਂ ਦੀ ਮਲਕੀਅਤ ਦੇ ਮਾਮਲੇ ਵਿੱਚ ਚੀਨ ਸਭ ਤੋਂ ਜ਼ਿਆਦਾ 1.3 ਬਿਲੀਅਨ ਯੂਜ਼ਰਜ਼ ਨਾਲ ਸਭ ਤੋਂ ਪਹਿਲੇ ਸਥਾਨ 'ਤੇ ਆ ਜਾਵੇਗਾ, ਜਦਕਿ ਭਾਰਤ ਇਸ ਦੌੜ ਵਿੱਚ ਦੂਜੇ ਸਥਾਨ 'ਤੇ ਆ ਜਾਵੇਗਾ। ਇਸ ਤਰ੍ਹਾਂ ਸ਼ਾਇਦ ਇਹ ਇੱਕੋ-ਇੱਕ ਅਜਿਹਾ ਖੇਤਰ ਹੋਵੇਗਾ ਜਿਸ ਵਿੱਚ ਭਾਰਤ, ਅਮਰੀਕਾ ਨੂੰ ਪਛਾੜ ਦੇਵੇਗਾ।


ਅਮਰੀਕਾ ਆਧਾਰਤ ਕੰਪਨੀ ਨੇ ਇੱਕ ਅਧਿਐਨ ਕੀਤਾ ਹੈ ਜਿਸ ਵਿੱਚ 2018 ਵਿੱਚ ਸਮਾਰਟਫ਼ੋਨ ਦੀ ਮਲਕੀਅਤ 'ਤੇ ਖੋਜ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ 2018 ਵਿੱਚ 52 ਦੇਸ਼ਾਂ ਦੇ 66 ਫ਼ੀਸਦ ਤੋਂ ਵੱਧ ਲੋਕ ਸਮਾਰਟਫ਼ੋਨ ਦੇ ਮਾਲਕ ਹੋਣਗੇ। ਖੋਜ ਵਿੱਚ ਇੰਟਰਨੈੱਟ ਦੇ ਪੱਖ ਨੂੰ ਵੀ ਘੋਖਿਆ ਗਿਆ। ਕੰਪਨੀ ਨੇ ਦਾਅਵਾ ਕੀਤਾ ਕਿ ਆਉਂਦੇ ਦੋ ਸਾਲਾਂ ਵਿੱਚ ਇੰਟਰਨੈੱਟ 'ਤੇ ਇਸ਼ਤਿਹਾਰਬਾਜ਼ੀ ਵਧ ਕੇ ਕ੍ਰਮਵਾਰ 59 ਤੇ 62 ਫ਼ੀਸਦੀ ਹੋ ਜਾਵੇਗੀ ਤੇ ਇਹ ਸਾਰੇ ਦੇ ਸਾਰੇ ਇਸ਼ਤਿਹਾਰ ਮੋਬਾਈਲ ਡਿਵਾਈਸਿਜ਼ 'ਤੇ ਹੀ ਵੇਖੇ ਜਾਣਗੇ।

ਮੌਜੂਦਾ ਅੰਕੜਿਆਂ ਮੁਤਾਬਕ ਭਾਰਤ ਵਿੱਚ 650 ਮਿਲੀਅਨ ਮੋਬਾਈਲ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ ਤਕੀਬਨ 300-400 ਮਿਲੀਅਨ ਸਮਾਰਟਫ਼ੋਨ ਰੱਖਦੇ ਹਨ। ਖੋਜ ਲਈ ਕੀਤੇ ਸਰਵੇਖਣ ਤੋਂ ਇਹ ਵੀ ਪਤਾ ਲੱਗਾ ਹੈ ਕਿ 3 ਭਾਰਤੀ ਮੋਬਾਈਲ ਉਪਭੋਗਤਾਵਾਂ ਵਿੱਚੋਂ ਦੋ ਆਪਣੇ ਮੋਬਾਈਲ ਦਾ ਬਦਲ ਕਿਸੇ ਉੱਚੇ ਤੇ ਵਿਕਸਤ ਮੋਬਾਈਲ ਨਾਲ ਕਰਨ ਦੀ ਸੋਚ ਰਹੇ ਹਨ।

ਭਾਰਤੀ ਮੋਬਾਈਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਤਕਰੀਬਨ 450-465 ਮਿਲੀਅਨ ਲੋਕ ਮੋਬਾਈਲ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਮੌਜੂਦਾ ਸਮੇਂ ਦੌਰਾਨ ਭਾਰਤ ਹਰ ਪ੍ਰਕਾਰ ਦੇ ਇੰਟਰਨੈੱਟ ਦੀ ਪਹੁੰਚ ਅੰਦਾਜ਼ਨ 31 ਫ਼ੀਸਦੀ ਹੈ। ਉਪਰੋਕਤ ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਮੋਬਾਈਲ ਤੇ ਇੰਟਰਨੈੱਟ ਦੀ ਜ਼ਰੂਰਤ ਵੱਡੇ ਪੱਧਰ 'ਤੇ ਵਧ ਰਹੀ ਹੈ। ਇਹ ਨਿਸ਼ਾਨੀਆਂ ਮੋਬਾਈਲ ਤੇ ਇੰਟਰਨੈੱਟ ਕਾਰੋਬਾਰੀਆਂ ਲਈ ਸ਼ੁਭ ਸੰਕੇਤ ਹਨ।