ਵਾਸ਼ਿੰਗਟਨ: ਅਮਰੀਕਾ ਦੀ ਇੱਕ ਕੰਪਨੀ 'ਆਇਡਲ ਕੰਸੀਲ' ਨੇ ਸਮਾਰਟਫ਼ੋਨ ਵਾਂਗ ਦਿੱਸਣ ਵਾਲੀ ਬੰਦੂਕ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਪੂਰੇ ਦੇਸ਼ ਵਿੱਚ ਲਗਾਤਾਰ ਵਧਦੀਆਂ ਸ਼ੂਟਿੰਗ ਦੀਆਂ ਘਟਨਾਵਾਂ ਦਰਮਿਆਨ ਕੰਪਨੀ ਦਾ ਇਹ ਕਦਮ ਵਿਵਾਦਾਂ ਦੇ ਘੇਰੇ ਵਿੱਚ ਹੈ। 2016 ਵਿੱਚ ਇਸ ਬੰਦੂਕ ਦੀ ਲੌਂਚਿੰਗ ਟਲ਼ ਗਈ ਸੀ। ਹੁਣ ਕਰੀਬ 12 ਹਜ਼ਾਰ ਬੰਦੂਕਾਂ ਦੇ ਆਰਡਰ ਵੀ ਮਿਲ ਚੁੱਕੇ ਹਨ।

ਜਾਣਕਾਰੀ ਮੁਤਾਬਕ ਆਮ ਲੋਕਾਂ ਨੂੰ ਇਸ ਬੰਦੂਕ ਦਾ ਡਿਜ਼ਾਈਨ ਇੰਨਾ ਪਸੰਦ ਆ ਰਿਹਾ ਹੈ ਕਿ ਛੇਤੀ ਹੀ ਕੰਪਨੀ ਨੂੰ ਇਸ ਦਾ ਉਤਪਾਦਨ ਦੁੱਗਣਾ ਕਰਨਾ ਪੈ ਸਕਦਾ ਹੈ। ਸਮਾਰਟਫ਼ੋਨ ਵਰਗੀ ਦਿੱਸਣ ਵਾਲੀ ਇਸ ਬੰਦੂਕ ਨੂੰ ਆਈਫ਼ੋਨ ਗੰਨ ਵੀ ਕਿਹਾ ਜਾ ਸਕਦਾ ਹੈ। ਹਾਲਾਂਕਿ, ਇਸ ਦੀ ਕੀਮਤ ਅਸਲ ਆਈਫ਼ੋਨ ਐਕਸ ਦੇ ਮੁਕਾਬਲੇ ਅੱਧੀ ਹੈ ਯਾਨੀ 500 ਡਾਲਰ।

ਅਮਰੀਕਾ ਦੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਵੀ ਇਸ ਸਮਾਰਟਫ਼ੋਨ ਗੰਨ ਦਾ ਪ੍ਰਚਾਰ ਕਰ ਰਹੀ ਹੈ। ਸੰਸਥਾ ਨੇ ਮਈ ਦੇ ਆਪਣੇ ਮੈਗ਼ਜ਼ੀਨ ਐਡੀਸ਼ਨ ਵਿੱਚ ਇਸ ਨੂੰ ਫੀਚਰਡ ਪ੍ਰੋਡਕਟਸ ਵਿੱਚ ਥਾਂ ਦਿੱਤੀ ਹੈ। ਨਾਲ ਹੀ ਸਵੈਰੱਖਿਆ ਦੇ ਲਿਹਾਜ਼ ਨਾਲ ਵੀ ਪਿਸਤੌਲ ਤੇ ਰਿਵਾਲਵਰ ਨੂੰ ਬਿਹਤਰੀਨ ਵਿਕਲਪ ਦੱਸਿਆ ਗਿਆ ਹੈ।



ਇਸ ਬੰਦੂਕ ਨੂੰ ਇੱਕ ਛੋਟੀ ਮੁੜਨਯੋਗ ਹੈਂਡਗੰਨ ਵਾਂਗ ਬਣਾਇਆ ਗਿਆ ਹੈ, ਜਿਸ ਦੀ ਨਾਲ਼ ਨੂੰ ਵੀ ਸੌਖਿਆਂ ਹੀ ਮੋੜਿਆ ਜਾ ਸਕਦਾ ਹੈ। ਇਸ ਦੀ ਮੈਗ਼ਜ਼ੀਨ ਨੂੰ ਵੀ ਫੋਲਡ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹ ਸਮਾਰਟਫ਼ੋਨ ਦਾ ਰੂਪ ਧਾਰਨ ਕਰ ਲੈਂਦੀ ਹੈ। ਲੋਕ ਇਸ ਨੂੰ ਆਸਾਨੀ ਨਾਲ ਹੀ ਜੇਬ ਵਿੱਚ ਰੱਖ ਸਕਦੇ ਹਨ ਤੇ ਕਿਸੇ ਨੂੰ ਬੰਦੂਕ ਦਾ ਸ਼ੱਕ ਵੀ ਨਹੀਂ ਹੁੰਦਾ। ਬੰਦੂਕ ਇੱਕ ਵਾਰ ਵਿੱਚ 38 ਬੋਰ ਦੀਆਂ ਦੋ ਗੋਲ਼ੀਆਂ ਦਾਗ਼ ਸਕਦੀ ਹੈ। ਬਿਹਤਰ ਨਿਸ਼ਾਨੇ ਲਈ ਇਸ ਦੇ ਨਾਲ ਲੇਜ਼ਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਆਮ ਲੋਕਾਂ ਕੋਲ ਜਿੰਨੀਆਂ ਬੰਦੂਕਾਂ ਹਨ, ਉਨ੍ਹਾਂ ਵਿੱਚੋਂ 48% (ਤਕਰੀਬਨ 31 ਕਰੋੜ) ਸਿਰਫ਼ ਅਮਰੀਕੀਆਂ ਕੋਲ ਹਨ। ਅਮਰੀਕਾ ਦੇ ਤਕਰੀਬਨ 89% ਲੋਕ ਆਪਣੇ ਕੋਲ ਹਥਿਆਰ ਰੱਖਦੇ ਹਨ ਤੇ 66 ਫ਼ੀਸਦੀ ਲੋਕਾਂ ਕੋਲ ਇੱਕ ਤੋਂ ਵੱਧ ਹਥਿਆਰ ਹਨ। ਅਮਰੀਕਾ ਵਿੱਚ ਹਥਿਆਰ ਰੱਖਣਾ ਬੁਨਿਆਦੀ ਹੱਕਾਂ ਵਿੱਚ ਆਉਂਦਾ ਹੈ। ਅਮਰੀਕਾ ਵਿੱਚ ਹਥਿਆਰ ਬਣਾਉਣ ਵਾਲੀਆਂ ਇੰਡਸਟ੍ਰੀ ਦਾ ਸਾਲਾਨਾ ਮਾਲੀਆ 91 ਹਜ਼ਾਰ ਕਰੋੜ ਰੁਪਏ ਹੈ ਤੇ ਇਸ ਕਾਰੋਬਾਰ ਨਾਲ 2.65 ਲੱਖ ਲੋਕ ਜੁੜੇ ਹੋਏ ਹਨ।

ਅਮਰੀਕਾ ਵਿੱਚ ਹਰ ਸਾਲ ਇੱਕ ਕਰੋੜ ਤੋਂ ਜ਼ਿਆਦਾ ਰਿਵਾਲਵਰ, ਪਿਸਟਲ ਵਰਗੇ ਹਥਿਆਰ ਬਣਦੇ ਹਨ। ਬੀਤੇ 50 ਸਾਲਾਂ ਵਿੱਚ ਅਮਰੀਕਾ ਵਿੱਚ ਹਥਿਆਰਾਂ ਨੇ 15 ਲੱਖ ਲੋਕਾਂ ਦੀ ਜਾਨ ਲਈ ਹੈ। ਇਨ੍ਹਾਂ ਵਿੱਚੋਂ ਮਾਸ ਸ਼ੂਟਿੰਗ ਦੀਆਂ ਘਟਨਾਵਾਂ ਵਿੱਚ 5 ਲੱਖ ਮੌਤਾਂ ਹੋਈਆਂ ਹਨ। ਬਾਕੀ ਜਾਨਾਂ ਖ਼ੁਦਕੁਸ਼ੀ, ਗ਼ਲਤੀ ਨਾਲ ਚੱਲੀ ਗੋਲ਼ੀ ਤੇ ਕਾਨੂੰਨੀ ਕਾਰਵਾਈ ਵਿੱਚ ਚੱਲੀਆਂ ਗੋਲ਼ੀਆਂ ਕਾਰਨ ਗਈਆਂ ਹਨ।