ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਵਧਦਾ ਪ੍ਰਭਾਵ ਆਈਫੋਨ ਦੇ ਉਤਪਾਦਨ ਤੇ ਵਿਕਰੀ 'ਤੇ ਵੀ ਵੇਖਿਆ ਜਾ ਰਿਹਾ ਹੈ। ਐਪਲ ਪਹਿਲਾਂ ਹੀ ਕੋਰੋਨਾ ਕਾਰਨ ਆਪਣੇ ਬਹੁਤ ਸਾਰੇ ਸਟੋਰਸ ਤੇ ਨਿਰਮਾਣ ਯੂਨਿਟਾਂ ਨੂੰ ਬੰਦ ਕਰ ਚੁੱਕੀ ਹੈ। ਹੁਣ ਕੰਪਨੀ ਨੇ ਆਈਫੋਨ ਦੀ ਆਨਲਾਈਨ ਖਰੀਦਦਾਰੀ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਤਹਿਤ ਗਾਹਕ ਹੁਣ ਇੱਕ ਮਾਡਲ ਦੇ ਦੋ ਤੋਂ ਵੱਧ ਆਈਫੋਨ ਆਨਲਾਈਨ ਨਹੀਂ ਖਰੀਦ ਸਕਣਗੇ।



ਹਾਲਾਂਕਿ, ਵੱਖ-ਵੱਖ ਮਾਡਲਾਂ ਦੇ ਦੋ ਤੋਂ ਵੱਧ ਆਈਫੋਨ ਖਰੀਦੇ ਜਾ ਸਕਦੇ ਹਨ। ਵਰਤਮਾਨ ਵਿੱਚ ਇਹ ਸੀਮਾ ਅਮਰੀਕਾ ਤੇ ਚੀਨ ਸਣੇ ਕਈ ਦੇਸ਼ਾਂ ਵਿੱਚ ਲਾਗੂ ਕੀਤੀ ਗਈ ਹੈ। ਨਵੀਂ ਹੱਦ ਸ਼ੁੱਕਰਵਾਰ ਤੋਂ ਲਾਗੂ ਹੋ ਗਈ ਹੈ।



ਇਹ ਖਰੀਦਦਾਰੀ ਸੀਮਾ ਆਈਫੋਨ ਦੇ ਸਾਰੇ ਮਾਡਲਾਂ ਤੇ ਲਾਗੂ ਹੁੰਦੀ ਹੈ। ਆਈਫੋਨ ਲਿਸਟਿੰਗਾਂ ਰਾਹੀਂ ਗਾਹਕਾਂ ਨੂੰ ਮੁੱਖ ਤੌਰ ‘ਤੇ ਚੀਨ, ਹਾਂਗ-ਕਾਂਗ, ਤਾਈਵਾਨ ਤੇ ਸਿੰਗਾਪੁਰ ਵਿੱਚ ਸੁਨੇਹੇ ਭੇਜੇ ਜਾ ਰਹੇ ਹਨ ਕਿ ਉਹ ਹਰੇਕ ਆਰਡਰ ਵਿੱਚ ਦੋ ਤੋਂ ਵੱਧ ਆਈਫੋਨ ਡਿਵਾਈਸਾਂ ਨਹੀਂ ਖਰੀਦ ਸਕਦੇ। ਹਾਲਾਂਕਿ, ਕੰਪਨੀ ਨੇ ਹਾਲੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕੋਰੋਨਾਵਾਇਰਸ ਵਿਕਰੀ, ਸਪਲਾਈ ਚੇਨ ਤੇ ਕਮਜ਼ੋਰ ਮੰਗ ‘ਚ ਵਿਘਨ ਪਾਉਣ ਕਾਰਨ ਇਹ ਖਰੀਦਣ ਦੀ ਸੀਮਾ ਲਾਈ ਗਈ ਹੈ।

2007 ਵਿੱਚ ਪਹਿਲੀ ਵਾਰ ਖਰੀਦ ਸੀਮਾ ਲਾਗੂ ਕੀਤੀ ਗਈ ਸੀ

ਆਈਫੋਨ ਦੇ ਬਾਜ਼ਾਰ ‘ਚ ਪੇਸ਼ ਕੀਤੇ ਜਾਣ ਤੋਂ ਬਾਅਦ ਐਪਲ ਨੇ ਪਹਿਲਾਂ 2007 ‘ਚ ਖਰੀਦਦਾਰੀ ਦੀ ਸੀਮਾ ਪੇਸ਼ ਕੀਤੀ ਸੀ। ਐਪਲ ਨੇ ਆਈਫੋਨ ਨੂੰ ਦੁਬਾਰਾ ਵੇਚਣ ਤੋਂ ਰੋਕਣ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਸੀ। ਬਹੁਤ ਸਾਰੇ ਦੇਸ਼ਾਂ ਵਿੱਚ, ਗਾਹਕਾਂ ਨੂੰ ਐਪਲ ਦੀ ਵੈੱਬਸਾਈਟ ਤੇ ਇੱਕ ਡਰਾਪ-ਡਾਉਨ ਮੀਨੂੰ ਦੁਆਰਾ ਇੱਕੋ ਮਾਡਲ ਦੇ ਦੋ ਤੋਂ ਵੱਧ ਆਈਫੋਨ ਖਰੀਦਣ ਤੋਂ ਰੋਕਿਆ ਜਾ ਰਿਹਾ ਹੈ।

ਐਪਲ ਨੇ ਚੀਨ ਦੇ ਸਾਰੇ ਸਟੋਰ ਬੰਦ ਕਰ ਦਿੱਤੇ

ਚੀਨ ‘ਚ ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ, ਐਪਲ ਨੇ ਆਪਣੇ ਸਾਰੇ ਫਿਜ਼ੀਕਲ ਸਟੋਰਾਂ ਨੂੰ ਬੰਦ ਕਰ ਦਿੱਤਾ। 13 ਮਾਰਚ ਨੂੰ ਇਹ ਸਟੋਰ ਦੁਬਾਰਾ ਖੁੱਲ੍ਹ ਗਏ। ਐਪਲ ਦੇ ਸੀਈਓ ਟਿਮ ਕੁੱਕ ਨੇ ਫਰਵਰੀ ਵਿੱਚ ਨਿਵੇਸ਼ਕਾਂ ਨੂੰ ਇੱਕ ਪੱਤਰ ਲਿੱਖ ਚੇਤਾਵਨੀ ਦਿੱਤੀ ਗਈ ਸੀ ਕਿ ਕੋਰੋਨਾ ਕਰਕੇ ਕੰਪਨੀ ਸਾਲ 2020 ਵਿੱਚ ਆਪਣੇ ਮਾਲੀਏ ਦੇ ਟੀਚਿਆਂ ਤੋਂ ਪਿੱਛੇ ਹੋ ਸਕਦੀ ਹੈ। ਹੁਣ ਚੀਨ ਵਿੱਚ ਉਤਪਾਦਨ ਪੂਰੀ ਤਰ੍ਹਾਂ ਸ਼ੁਰੂ ਹੋ ਗਿਆ ਹੈ ਪਰ ਦੂਜੇ ਦੇਸ਼ਾਂ ਵਿੱਚ ਸਟੋਰਾਂ ਦੇ ਬੰਦ ਹੋਣ ਕਾਰਨ ਕੰਪਨੀ ਨੂੰ ਮੰਗ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।