ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤੀ ਵਿਗਿਆਨੀਆਂ ਨੇ ਇੱਕ ਅਜਿਹੀ ਟੈਕਨੋਲੋਜੀ ਵਿਕਸਤ ਕੀਤੀ ਹੈ, ਜਿਸ ਦੀ ਮਦਦ ਨਾਲ ਇਲੈਕਟ੍ਰੌਨਿਕ ਉਪਕਰਣਾਂ ਦੇ ਪੁਰਜ਼ਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ਰਾਬੀ ਆਪੇ ਠੀਕ ਹੋ ਜਾਇਆ ਕਰੇਗੀ। ਉਹ ਪੁਰਜ਼ੇ ਆਪੇ ਆਪਣੀ ਖ਼ਰਾਬੀ ਦੂਰ ਕਰ ਲਿਆ ਕਰਨਗੇ। ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ।
ਵਿਭਾਗ ਅਨੁਸਾਰ ‘ਇੰਡੀਅਨ ਇੰਸਟੀਚਿਊਟ ਆੱਫ਼ ਸਾਇੰਸ ਐਜੂਕੇਸ਼ਲ ਐਂਡ ਰਿਸਰਚ’ (IISER), ਕੋਲਕਾਤਾ ਦੇ ਖੋਜੀ ਵਿਗਿਆਨੀਆਂ ਨੇ ਖੜਗਪੁਰ ਦੇ ‘ਇੰਡੀਅਨ ਇੰਸਟੀਚਿਊਟ ਆੱਫ਼ ਟੈਕਨੋਲੋਜੀ’ (IIT) ਨਾਲ ਮਿਲ ਕੇ ਅਜਿਹੇ ਪੀਜ਼ੋ ਇਲੈਕਟ੍ਰਿਕ ਮੌਲੀਕਿਊਲਰ ਕ੍ਰਿਸਟਲ ਤਿਆਰ ਕੀਤੇ ਹਨ, ਜੋ ਬਿਜਲਈ ਚਾਰਜ ਦੀ ਮਦਦ ਨਾਲ ਆਪੇ ਆਪਣੀ ਮੁਰੰਮਤ ਕਰ ਲੈਂਦੇ ਹਨ।
ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਉਪਕਰਣਾਂ ਵਿੱਚ ਕੋਈ ਨਾ ਕੋਈ ਮਕੈਨੀਕਲ ਨੁਕਸ ਪੈ ਹੀ ਜਾਂਦਾ ਹੈ, ਜਿਸ ਨਾਲ ਉਹ ਉਪਕਰਣ ਜਾਂ ਯੰਤਰ ਜਾਂ ਤਾਂ ਨਸ਼ਟ ਹੋਇਆ ਸਮਝ ਲਿਆ ਜਾਂਦਾ ਹੈ ਤੇ ਜਾਂ ਉਸ ਦੇ ਰੱਖ ਰਖਾਅ ਦਾ ਖ਼ਰਚਾ ਬਹੁਤ ਜ਼ਿਆਦਾ ਵਧ ਜਾਂਦਾ ਹੈ।
ਅਜਿਹੇ ਕੁਝ ਕਾਰਣਾਂ ਕਰਕੇ ਹੀ ਵਿਗਿਆਨੀਆਂ ਨੇ ਹੁਣ ਪੀਜ਼ੋ ਇਲੈਕਟ੍ਰਿਕ ਮੌਲੀਕਿਊਲਰ ਕ੍ਰਿਸਟਲ ਵਿਕਸਤ ਕੀਤੇ ਹਨ, ਜੋ ਕੋਈ ਮਕੈਨੀਕਲ ਅਸਰ ਹੋਣ ਉੱਤੇ ਬਿਜਲੀ ਪੈਦਾ ਕਰਦੇ ਹਨ। ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਵਿਗਿਆਨੀ ਇਸ ਨੂੰ ‘ਬਾਇਪਾਇਰਾਜ਼ੋਲ ਔਰਗੈਨਿਕ ਕ੍ਰਿਸਟਲ’ ਆਖਦੇ ਹਨ- ਇਨ੍ਹਾਂ ਵਿੱਚ ਹੀ ਕੋਈ ਮਕੈਨੀਕਲ ਖ਼ਰਾਬੀ ਹੋਣ ਦੀ ਸਥਿਤੀ ਵਿੱਚ ਬਿਨਾ ਕਿਸੇ ਬਾਹਰੀ ਦਖ਼ਲ ਦੇ ਉਹ ਨੁਕਸ ਦੂਰ ਕਰਨ ਦੀ ਤਾਕਤ ਹੁੰਦੀ ਹੈ।
ਜੇ ਕਿਸੇ ਉਪਕਰਣ ਕੋਈ ਪੁਰਜ਼ਾ ਟੁੱਟ ਵੀ ਜਾਵੇਗਾ, ਤਾਂ ਉਹ ਵੀ ਇਨ੍ਹਾਂ ਨਿਵੇਕਲੇ ਤੇ ਵਿਲੱਖਣ ਮੌਲੀਕਿਊਲਜ਼ ਦੀ ਮਦਦ ਨਾਲ ਆਪੇ ਬਿਲਕੁਲ ਸਹੀ ਤਰੀਕੇ ਜੁੜ ਜਾਇਆ ਕਰੇਗਾ। ਇਹ ਜਾਣਕਾਰੀ IISER ਕੋਲਕਾਤਾ ਦੀ ਟੀਮ ਦੇ ਪ੍ਰੋਫ਼ੈਸਰ ਸੀ. ਮੱਲਾ ਰੈੱਡੀ ਤੇ ਪ੍ਰੋ. ਨਿਰਮਲਯਾ ਘੋਸ਼ ਨੇ ਦਿੱਤੀ। ਸੱਚਮੁਚ ਅਜਿਹੀ ਟੈਕਨੋਲੋਜੀ ਆਮ ਲੋਕਾਂ ਲਈ ਵਰਦਾਨ ਸਿੱਧ ਹੋਵੇਗੀ।