ਨਵੀਂ ਦਿੱਲੀ: ਦੂਰਸੰਚਾਰ ਵਿਭਾਗ (ਡੀਓਟੀ DoT) ਨੇ ਮੋਬਾਈਲ ਸਿਮ ਲੈਣ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਹਾਲ ਹੀ ਵਿੱਚ, ਕੇਓਸੀ ਨਿਯਮਾਂ ਨੂੰ ਡੀਓਟੀ ਦੁਆਰਾ ਬਦਲਿਆ ਗਿਆ ਸੀ; ਤਾਂ ਜੋ ਗਾਹਕ ਘਰ ਬੈਠੇ ਮੋਬਾਈਲ ਸਿਮ ਕਾਰਡ ਪ੍ਰਾਪਤ ਕਰ ਸਕਣ। ਨਾਲ ਹੀ, ਸਿਮ ਨੂੰ ਪ੍ਰੀ-ਪੇਡ ਤੋਂ ਪੋਸਟ ਪੇਡ ਤੇ ਪੋਸਟ ਪੇਡ ਤੋਂ ਪ੍ਰੀ-ਪੇਡ ਤੱਕ ਅਸਾਨੀ ਨਾਲ ਪੋਰਟ ਕਰ ਸਕਣ। ਉਂਝ, ਹੁਣ ਮੋਬਾਈਲ ਸਿਮ ਜਾਰੀ ਕਰਨ ਦੇ ਨਿਯਮਾਂ ਦੇ ਸਬੰਧ ਵਿੱਚ DoT ਦੁਆਰਾ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਸਿਮ ਕਾਰਡਾਂ ਦੀ ਧੋਖਾਧੜੀ ਨੂੰ ਰੋਕਿਆ ਜਾ ਸਕੇ।
ਦੂਰਸੰਚਾਰ ਵਿਭਾਗ ਨੇ ਦੂਰਸੰਚਾਰ ਸੰਚਾਲਕਾਂ ਨੂੰ ਕਿਹਾ ਹੈ ਕਿ ਉਹ ਦੇਸ਼ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਨੂੰ ਸਿਮ ਕਾਰਡ ਜਾਰੀ ਨਾ ਕਰਨ। ਨਾਲ ਹੀ, ਉਨ੍ਹਾਂ ਲੋਕਾਂ ਨੂੰ ਵੀ ਸਿਮ-ਕਾਰਡ ਜਾਰੀ ਕਰਨ 'ਤੇ ਪਾਬੰਦੀ ਲਗਾਈ ਗਈ ਹੈ ਜਿਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ। ਜੇਕਰ ਅਜਿਹਾ ਕਰਦੇ ਹੋਏ ਪਾਇਆ ਗਿਆ ਤਾਂ ਇਸ ਦੇ ਲਈ ਟੈਲੀਕਾਮ ਆਪਰੇਟਰ ਨੂੰ ਦੋਸ਼ੀ ਠਹਿਰਾਇਆ ਜਾਵੇਗਾ।
ਨਿਯਮਾਂ ਵਿੱਚ ਹੋਈਆਂ ਇਹ ਤਬਦੀਲੀਆਂ
ਹੁਣ ਇੱਕ ਨਵਾਂ ਸਿਮ ਲੈਣ ਲਈ ਗਾਹਕਾਂ ਨੂੰ ‘ਕਸਟਮਰ ਐਕੁਈਜ਼ੀਸ਼ਨ ਫਾਰਮ’ (ਸੀਏਐਫ) ਭਰਨਾ ਪਵੇਗਾ। ਇਹ ਗਾਹਕ ਅਤੇ ਦੂਰਸੰਚਾਰ ਕੰਪਨੀਆਂ ਦੇ ਵਿਚਕਾਰ ਇੱਕ ਤਰ੍ਹਾਂ ਦਾ ਸਮਝੌਤਾ ਹੈ। ਇਸ ਫਾਰਮ ਵਿੱਚ ਕਈ ਨਿਯਮ ਤੇ ਸ਼ਰਤਾਂ ਸ਼ਾਮਲ ਹਨ। ਇਹ ਇਕਰਾਰਨਾਮਾ ਭਾਰਤੀ ਇਕਰਾਰਨਾਮਾ ਕਾਨੂੰਨ 1872 ਦੇ ਅਧੀਨ ਲਾਗੂ ਕੀਤਾ ਗਿਆ ਹੈ।
ਇਸ ਕਾਨੂੰਨ ਤਹਿਤ, ਕੋਈ ਵੀ ਇਕਰਾਰਨਾਮਾ 18 ਸਾਲ ਤੋਂ ਵੱਧ ਉਮਰ ਦੇ ਵਿਚਕਾਰ ਹੋਣਾ ਚਾਹੀਦਾ ਹੈ। ਭਾਰਤ ਵਿੱਚ ਇੱਕ ਵਿਅਕਤੀ ਆਪਣੇ ਨਾਂ ਤੇ ਵੱਧ ਤੋਂ ਵੱਧ 12 ਸਿਮ ਖਰੀਦ ਸਕਦਾ ਹੈ। ਇਸ ਵਿੱਚੋਂ 9 ਸਿਮ ਮੋਬਾਈਲ ਕਾਲਿੰਗ ਲਈ ਵਰਤੇ ਜਾ ਸਕਦੇ ਹਨ। ਜਦੋਂ ਕਿ 9 ਸਿਮ ਮਸ਼ੀਨ-ਤੋਂ-ਮਸ਼ੀਨ ਸੰਚਾਰ ਲਈ ਵਰਤੇ ਜਾ ਸਕਦੇ ਹਨ।
ਬਦਲ ਗਏ ਨਵੇਂ ਸਿਮ ਲੈਣ ਦੇ ਨਿਯਮ
DoT ਨੇ ਮੋਬਾਈਲ ਸਿਮ ਲੈਣ ਲਈ eKYC ਤੇ Self KYC ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤਹਿਤ ਘਰ ਬੈਠੇ ਹੀ ਨਵਾਂ ਮੋਬਾਈਲ ਕੁਨੈਕਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ। ਨਾਲ ਹੀ, ਸਿਮ ਨੂੰ ਪ੍ਰੀ-ਪੇਡ ਤੋਂ ਪੋਸਟਪੇਡ ਤੇ ਪੋਸਟਪੇਡ ਤੋਂ ਪ੍ਰੀ-ਪੇਡ ਤੱਕ ਪੋਰਟ ਕਰਨ ਲਈ ਸਿਮ ਬਦਲਣ ਦੀ ਜ਼ਰੂਰਤ ਨਹੀਂ ਹੋਏਗੀ। ਇਸਦੇ ਲਈ, ਡੀਓਟੀ ਦੁਆਰਾ 1 ਰੁਪਏ ਦਾ ਚਾਰਜ ਨਿਰਧਾਰਤ ਕੀਤਾ ਗਿਆ ਹੈ।