ਐਮਸਟਰਡਮ (ਨੀਦਰਲੈਂਡਜ਼): ਯੂਰਪੀਅਨ ਮਾਪਿਆਂ ਨੂੰ ਹੁਣ ਮਹਿਸੂਸ ਹੁਣ ਲੱਗਾ ਹੈ ਕਿ ਟਿੱਕ-ਟੌਕ ਆਪਣੀ ਸਮੱਗਰੀ ਰਾਹੀਂ ਬੱਚਿਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਤੇ ਬਹੁਤ ਜ਼ਿਆਦਾ ਡਾਟਾ ਇਕੱਠਾ ਕਰ ਰਿਹਾ ਹੈ। ਇਸ ਸਬੰਧੀ ਇੱਕ ਪਟੀਸ਼ਨ ਵੀ ਦਾਇਰ ਕਰ ਦਿੱਤੀ ਗਈ ਹੈ। ਮਾਪਿਆਂ ਤੇ ਸਰਪ੍ਰਸਤਾਂ ਦਾ ਦਾਅਵਾ ਹੈ ਕਿ ਚੀਨ ਦੀ ਇਹ ਐਪ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ। ਸੰਗਠਨ ਨੇ ਹਰੇਕ ਬੱਚੇ ਲਈ 500 ਯੂਰੋ ਤੋਂ 2,000 ਯੂਰੋ ਤੱਕ ਦਾ ਹਰਜਾਨਾ ਮੰਗਿਆ ਹੈ।

 

ਨੀਦਰਲੈਂਡਜ਼ ’ਚ ਮਾਪਿਆਂ ਦੇ ਇੱਕ ਸਮੂਹ ਨੇ ਟਿਕ–ਟੌਕ ਉੱਤੇ ਇੱਕ ਖਰਬ 24 ਅਰਬ ਰੁਪਏ ਦਾ ਦਾਅਵਾ ਠੋਕਿਆ ਹੈ। ਸੰਗਠਨ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਐਪ ਬੱਚਿਆਂ ਦੀ ਸੁਰੱਖਿਆ ਤੇ ਨਿਜਤਾ ਦੀ ਰਾਖੀ ਲਈ ਜ਼ਰੂਰੀ ਕਦਮ ਨਹੀਂ ਚੁੱਕ ਰਹੀ। ਨੀਦਰਲੈਂਡਜ਼ ਤੇ ਕਈ ਹੋਰ ਯੂਰਪੀਅਨ ਦੇਸ਼ਾਂ ਦੇ 64 ਹਜ਼ਾਰ ਤੋਂ ਵੀ ਜ਼ਿਆਦਾ ਮਾਪਿਆਂ ਦੀ ਨੁਮਾਇੰਦਗੀ ਕਰਨ ਵਾਲੀ ਜਥੇਬੰਦੀ ‘ਮਾਰਕਿਟ ਇਨਫ਼ਾਰਮੇਸ਼ਨ ਰਿਸਰਚ ਫ਼ਾਊਂਡੇਸ਼ਨ’ ਨੇ ਮੰਗਲਵਾਰ ਨੂੰ ਐਮਸਟਰਡਮ ਦੀ ਇੱਕ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ।

 

ਕੀ ਹਨ ਦੋਸ਼?
ਯੂਰਪੀਅਨ ਯੂਨੀਅਨ ਦੇ ਇਸ ਸੰਗਠਨ ਦਾ ਦਾਅਵਾ ਹੈ ਕਿ ਟਿਕ-ਟੌਕ ਬੱਚਿਆਂ ਦੀ ਵਾਜਬ ਇਜਾਜ਼ਤ ਦੇ ਡਾਟਾ ਜਮ੍ਹਾ ਕਰ ਰਿਹਾ ਹੈ। ਸੰਗਠਨ ਦੇ ਵਕੀਲ ਡਾਵ ਲਿੰਡਰਸ ਨੇ ਡੱਚ ਸਮਾਚਾਰ ਸਾਈਟ Trouw ਨੂੰ ਦੱਸਿਆ ਕਿ ਚੀਨੀ ਸੋਸ਼ਲ ਮੀਡੀਆ ਐਪ ਹੱਦ ਤੋਂ ਵੱਧ ਡਾਟਾ ਜਮ੍ਹਾ ਕਰ ਰਹੀ ਹੈ, ਜੋ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਦੀ ਉਲੰਘਣਾ ਹੈ।

 

ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਨਹੀਂ ਕਿ ਟਿਕ–ਟੌਕ ਨਿਜੀ ਡਾਟਾ ਦੀ ਵਰਤੋਂ ਕਿਵੇਂ ਕਰਦੀ ਹੈ। ਇਹ ਵਿਅਕਤੀ ਪਸੰਦ-ਨਾਪਸੰਦ ਦੇ ਆਧਾਰ ਉੱਤੇ ਇਸ਼ਤਿਹਾਰ ਦੇਣ ਜਾਂ ਡਾਟਾ ਨੂੰ ਚੀਨ ਜਾਂ ਅਮਰੀਕਾ ਭੇਜਣ ਨਾਲ ਜੁੜਿਆ ਹੋ ਸਕਦਾ ਹੈ। ਨਾਲ ਹੀ, ਸਹੀ ਤਰੀਕੇ ਇਜਾਜ਼ਤ ਵੀ ਨਹੀਂ ਲੈਂਦੇ ਹਨ। 16 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਬਿਨਾ ਆਪਣੇ ਮਾਪਿਆਂ ਦੀ ਇਜਾਜ਼ਤ ਦੇ ਬਹੁਤ ਆਸਾਨੀ ਨਾਲ ਅਕਾਊਂਟ ਬਣਾ ਸਕਦੇ ਹਨ।

 

ਸੰਗਠਨ ਅਨੁਸਾਰ ਖ਼ਤਰਨਾਕ ਚੁਣੌਤੀਆਂ ਪੂਰੀਆਂ ਕਰਨ ਦੇ ਚੱਕਰ ਵਿੱਚ ਦੁਨੀਆ ਭਰ ਵਿੱਚ ਬਹੁਤ ਸਾਰੇ ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਉਦਾਹਰਣ ਵਜੋਂ ‘ਬਲੈਕਆਊਟ ਚੈਲੇਂਜ’ ਰਾਹੀਂ ਟਿੱਕ-ਟੌਕ ਉੱਤੇ ਮੌਜੂਦ ਲੋਕਾਂ ਨੂੰ ਆਪਣੇ ਸਾਥੀਆਂ ਦਾ ਦਮ ਤੱਕ ਘੋਟਣ ਦੀ ਚੁਣੌਤੀ ਦਿੱਤੀ ਗਈ, ਜਦ ਤੱਕ ਕਿ ਉਹ ਬੇਹੋਸ਼ ਨਾ ਹੋ ਜਾਣ।

 

ਲਿੰਡਰਸ ਦਾ ਕਹਿਣਾ ਹੈ ਕਿ ਮੌਤ ਭਾਵੇਂ ਨਾ ਹੋਵੇ ਪਰ ਅਜਿਹੀ ਖ਼ਤਰਨਾਕ ਖੇਡ ਜਾਂ ਚੁਣੌਤੀਆਂ ਬੱਚਿਆਂ ਨੂੰ ਮਨੋਵਿਗਿਆਨਕ ਜਾਂ ਸਰੀਰਕ ਨੁਕਸਾਨ ਪਹੁੰਚਾ ਸਕਦੀਆਂ ਹਨ। ਭਾਵੇਂ ਅਜਿਹੀਆਂ ਚੁਣੌਤੀਆਂ ਦੀਆਂ ਅਫ਼ਵਾਹਾਂ ਟਿੱਕ-ਟੌਕ ਦੇ ਆਉਣ ਤੋਂ ਪਹਿਲਾਂ ਵੀ ਉੱਡਦੀਆਂ ਰਹੀਆਂ ਹਨ।

 

ਟਿੱਕ-ਟੌਕ ਦਾ ਕਹਿਣਾ ਹੈ ਕਿ ਉਹ ਆਪਣੇ ਨੌਜਵਾਨ ਯੂਜ਼ਰਜ਼ ਦੀ ਸੁਰੱਖਿਆ ਲਈ ਮਿਹਨਤ ਕਰ ਰਹੀ ਹੈ। ਮਿਸਾਲ ਦੇ ਤੌਰ ’ਤੇ ਸਮਾਰਟਫ਼ੋਨ ਐਪ ਨੇ 13 ਤੋਂ 15 ਸਾਲ ਦੇ ਬੱਚਿਆਂ ਦੇ ਅਕਾਊਂਟਸ ਨੂੰ ਨਿੱਜੀ ਹੀ ਰੱਖਿਆ ਹੈ। ਭਾਵ ਇਨ੍ਹਾਂ ਬੱਚਿਆਂ ਦੇ ਵਿਡੀਓ ਕੋਈ ਅਣਜਾਣ ਵਿਅਕਤੀ ਨਹੀਂ ਵੇਖ ਸਕਦਾ।

 

ਦੱਸ ਦੇਈਏ ਕਿ ਸੋਸ਼ਲ ਮੀਡੀਆ ਐਪ ਟਿੱਕ-ਟੌਕ ਦੇ ਦੁਨੀਆ ਭਰ ਵਿੱਚ 70 ਕਰੋੜ ਯੂਜ਼ਰ ਹਨ। ਕੁਝ ਨਿਊਜ਼ ਚੈਨਲ ਤੱਕ ਖ਼ਬਰਾਂ ਦੇਣ ਲਈ ਇਸੇ ਐਪ ਦੀ ਵਰਤੋਂ ਕਰ ਰਹੇ ਹਨ।