Sim Scam: ਹਾਲ ਹੀ ਦੇ ਸਮੇਂ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ। ਘੁਟਾਲੇਬਾਜ਼ ਲੋਕਾਂ ਨਾਲ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰ ਰਹੇ ਹਨ। ਡਿਜ਼ੀਟਲ ਦੁਨੀਆ ਵਿੱਚ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦੀ ਹੈ। ਅਜਿਹਾ ਹੀ ਕੁਝ ਹਾਲ ਹੀ 'ਚ ਬੈਂਗਲੁਰੂ 'ਚ ਰਹਿਣ ਵਾਲੀ ਇੱਕ ਔਰਤ ਨਾਲ ਹੋਇਆ। 


ਦਰਅਸਲ ਔਰਤ ਸਿਮ ਘੁਟਾਲੇ ਦਾ ਸ਼ਿਕਾਰ ਹੋ ਗਈ ਤੇ ਉਸ ਨਾਲ ਕਰੋੜਾਂ ਦਾ ਘਪਲਾ ਹੋ ਗਿਆ। ਇਸ ਔਰਤ ਨੇ ਕੋਈ ਗਲਤੀ ਨਹੀਂ ਕੀਤੀ ਸੀ ਪਰ ਉਸ ਨੂੰ ਇੱਕ ਫੋਨ ਕਾਲ ਰਿਸੀਵ ਕਰਨਾ ਮਹਿੰਗਾ ਪੈ ਗਿਆ। ਆਓ ਜਾਣਦੇ ਹਾਂ ਕਿ ਮਹਿਲਾ ਕਿਵੇਂ ਸਿਮ ਸਕੈਮ ਦੀ ਸ਼ਿਕਾਰ ਹੋਈ।



ਦਰਅਸਲ ਬੰਗਲੁਰੂ ਦੀ ਰਹਿਣ ਵਾਲੀ 77 ਸਾਲਾ ਔਰਤ ਲਕਸ਼ਮੀ ਸ਼ਿਵਕੁਮਾਰ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਦੂਰਸੰਚਾਰ ਵਿਭਾਗ ਦਾ ਅਧਿਕਾਰੀ ਦੱਸਿਆ। ਉਸ ਨੇ ਔਰਤ ਨੂੰ ਦੱਸਿਆ ਕਿ ਉਸ 'ਤੇ ਕਥਿਤ ਤੌਰ 'ਤੇ ਸਿਮ ਕਾਰਡ ਖਰੀਦਣ ਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਸ ਨੇ ਇਹ ਵੀ ਦੱਸਿਆ ਕਿ ਮਹਿਲਾ ਖਿਲਾਫ ਮੁੰਬਈ ਕ੍ਰਾਈਮ ਬ੍ਰਾਂਚ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।


ਮੁੰਬਈ ਕ੍ਰਾਈਮ ਬ੍ਰਾਂਚ ਦੇ ਨਾਂ 'ਤੇ ਆਈ ਕਾਲ
ਇਸ ਤੋਂ ਥੋੜ੍ਹੀ ਦੇਰ ਬਾਅਦ ਔਰਤ ਨੂੰ ਇੱਕ ਹੋਰ ਕਾਲ ਆਈ। ਇਸ 'ਚ ਫੋਨ ਕਰਨ ਵਾਲੇ ਨੇ ਖੁਦ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸਿਆ। ਦੋ ਵਿਅਕਤੀ ਕਾਲ 'ਤੇ ਸਨ। ਸੰਦੀਪ ਰਾਓ ਤੇ ਆਕਾਸ਼ ਕੁਲਹਾਰੀ ਨਾਂ ਦੇ ਦੋ ਵਿਅਕਤੀਆਂ ਨੇ ਆਪਣੇ ਆਪ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਵਜੋਂ ਪੇਸ਼ ਕਰਦੇ ਹੋਏ ਕਿਹਾ ਕਿ ਔਰਤ 'ਤੇ ਵੱਡੀ ਰਕਮ ਦੀ ਮਨੀ ਲਾਂਡਰਿੰਗ ਦਾ ਦੋਸ਼ ਹੈ। 


ਇਸ ਤੋਂ ਬਾਅਦ ਉਨ੍ਹਾਂ ਨੇ ਵੈਰੀਫਿਕੇਸ਼ਨ ਦੇ ਨਾਂ 'ਤੇ ਮਹਿਲਾ ਤੋਂ ਬੈਂਕ ਡਿਟੇਲ ਲੈ ਲਈ। ਜਾਣਕਾਰੀ ਨਾ ਦੇਣ 'ਤੇ ਔਰਤ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਵੀ ਦਿੱਤੀ ਗਈ। ਹੋਰ ਦਬਾਅ ਵਧਾਉਣ ਲਈ ਉਨ੍ਹਾਂ ਨੇ ਔਰਤ ਨੂੰ ਕਥਿਤ ਐਫਆਈਆਰ ਤੇ ਸੁਪਰੀਮ ਕੋਰਟ ਦਾ ਗ੍ਰਿਫ਼ਤਾਰੀ ਵਾਰੰਟ ਤੇ ਹੋਰ ਜਾਅਲੀ ਦਸਤਾਵੇਜ਼ ਵੀ ਦਿਖਾਏ।


1.2 ਕਰੋੜ ਰੁਪਏ ਦਾ ਨੁਕਸਾਨ
ਘੁਟਾਲੇਬਾਜ਼ਾਂ ਦੇ ਝਾਂਸੇ ਵਿੱਚ ਆ ਕੇ ਔਰਤ ਨੇ ਉਨ੍ਹਾਂ ਨੂੰ ਆਪਣੀ ਨਿੱਜੀ ਵਿੱਤੀ ਜਾਣਕਾਰੀ ਦੇ ਦਿੱਤੀ। ਇਸ ਤੋਂ ਬਾਅਦ ਘੁਟਾਲੇਬਾਜ਼ਾਂ ਨੇ ਔਰਤ ਦੇ ਬੈਂਕ ਖਾਤੇ 'ਚੋਂ 1,28,70,000 ਰੁਪਏ ਟਰਾਂਸਫਰ ਕਰ ਦਿੱਤੇ। ਘੁਟਾਲਾ ਕਰਨ ਵਾਲਿਆਂ ਨੇ ਔਰਤ ਨੂੰ ਕਿਹਾ ਕਿ ਜਾਂਚ ਪ੍ਰਕਿਰਿਆ ਪੂਰੀ ਹੋਣ 'ਤੇ ਉਸ ਦੇ ਖਾਤੇ 'ਚ ਪੈਸੇ ਵਾਪਸ ਕਰ ਦਿੱਤੇ ਜਾਣਗੇ। ਜਦੋਂ ਪੈਸੇ ਵਾਪਸ ਨਹੀਂ ਆਏ ਤਾਂ ਔਰਤ ਨੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


ਅਜਿਹੇ ਘੁਟਾਲਿਆਂ ਤੋਂ ਕਿਵੇਂ ਬਚੀਏ
1. ਕਿਸੇ ਵੀ ਤਰ੍ਹਾਂ ਦੇ ਸੰਦੇਸ਼ ਦਾ ਤੁਰੰਤ ਜਵਾਬ ਨਾ ਦਿਓ। ਇਹ ਸੰਭਵ ਹੈ ਕਿ ਦੂਜੇ ਵਿਅਕਤੀ ਦਾ ਸੁਨੇਹਾ ਇੱਕ ਅਧਿਕਾਰਤ ਸੁਨੇਹਾ ਜਾਪਦਾ ਹੈ, ਪਰ ਇਹ ਘੁਟਾਲੇ ਕਰਨ ਵਾਲਿਆਂ ਦੀ ਚਾਲ ਵੀ ਹੋ ਸਕਦਾ ਹੈ।


2. ਕਾਲ 'ਤੇ ਕਿਸੇ ਨਾਲ ਵੀ ਆਪਣੀ ਨਿੱਜੀ ਤੇ ਵਿੱਤੀ ਜਾਣਕਾਰੀ ਸਾਂਝੀ ਨਾ ਕਰੋ। ਪਹਿਲਾਂ ਪੂਰੀ ਤਰ੍ਹਾਂ ਤਸਦੀਕ ਕਰੋ ਤੇ ਫਿਰ ਅੱਗੇ ਚਰਚਾ ਕਰੋ।


3. ਜੇਕਰ ਤੁਹਾਨੂੰ ਫ਼ੋਨ 'ਤੇ ਕਿਸੇ ਦੁਆਰਾ ਭੇਜੀ ਗਈ ਲਿੰਕ ਜਾਂ ਫਾਈਲ ਨੂੰ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ, ਤਾਂ ਅਜਿਹਾ ਬਿਲਕੁਲ ਨਾ ਕਰੋ।


4. ਆਪਣੇ ਬੈਂਕ ਖਾਤੇ ਨੂੰ ਲਗਾਤਾਰ ਚੈੱਕ ਕਰਦੇ ਰਹੋ। ਜੇਕਰ ਤੁਸੀਂ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਲੌਗਇਨ ਆਈਡੀ ਦਾ ਪਾਸਵਰਡ ਬਦਲਦੇ ਰਹੋ।