ਨਵੀਂ ਦਿੱਲੀ: ਅੱਜਕੱਲ੍ਹ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਤੇ ਮਹੱਤਵਪੂਰਨ ਚੀਜ਼ ਮੋਬਾਈਲ ਹੈ। ਅਜਿਹੇ 'ਚ ਜੇਕਰ ਥੋੜ੍ਹੀ ਦੇਰ ਲਈ ਸਾਡਾ ਫ਼ੋਨ ਗਾਇਬ ਹੋ ਜਾਵੇ ਤਾਂ ਅਸੀ ਪ੍ਰੇਸ਼ਾਨ ਹੋ ਜਾਂਦੇ ਹਾਂ। ਇਸ ਦਾ ਮੁੱਖ ਕਾਰਨ ਸਾਡੇ ਫ਼ੋਨ 'ਚ ਪਿਆ ਮਹੱਤਵਪੂਰਣ ਡਾਟਾ ਹੁੰਦਾ ਹੈ। ਕਈ ਵਾਰ ਦਫ਼ਤਰ ਤੋਂ ਘਰ ਜਾਣ ਜਾਂ ਭੀੜ-ਭੜੱਕੇ ਵਾਲੀ ਥਾਂ 'ਤੇ ਸਾਡਾ ਫ਼ੋਨ ਡਿੱਗ ਜਾਂਦਾ ਹੈ। ਇਸ ਤੋਂ ਇਲਾਵਾ ਜੇ ਕੋਈ ਤੁਹਾਡਾ ਫ਼ੋਨ ਚੋਰੀ ਕਰ ਲਵੇ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਐਂਡਰਾਇਡ ਫ਼ੋਨਾਂ 'ਚ ਬਹੁਤ ਸਾਰੇ ਅਜਿਹੇ ਫੀਚਰਜ਼ ਹੁੰਦੇ ਹਨ, ਜਿਨ੍ਹਾਂ ਨਾਲ ਤੁਸੀਂ ਆਪਣੇ ਫ਼ੋਨ ਨੂੰ ਲੱਭ ਸਕਦੇ ਹੋ।


ਜੇ ਤੁਸੀਂ ਚਾਹੋ ਤਾਂ ਮੋਬਾਈਲ ਦਾ ਡਾਟਾ ਵੀ ਆਸਾਨੀ ਨਾਲ ਡਿਲੀਟ ਕਰ ਸਕਦੇ ਹੋ। ਗੂਗਲ ਐਂਡਰਾਇਡ ਫ਼ੋਨਾਂ 'ਚ ਫਾਈਂਡ ਮਾਈ ਫ਼ੋਨ ਫੀਚਰ ਉਪਲੱਬਧ ਕਰਵਾਉਂਦਾ ਹੈ। ਇਸ ਨਾਲ ਚੋਰੀ ਹੋਏ ਐਂਡਰਾਇਡ ਫ਼ੋਨ ਤੋਂ ਵੀ ਡਾਟਾ ਨੂੰ ਹਟਾਇਆ ਜਾ ਸਕਦਾ ਹੈ। ਇਸ ਫੀਚਰ ਨਾਲ ਤੁਸੀਂ ਐਂਡਰਾਇਡ ਫ਼ੋਨ ਨੂੰ ਲੱਭ ਵੀ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪਿੰਨ, ਪਾਸਕੋਡ ਜਾਂ ਪੈਟਰਨ ਦੀ ਮਦਦ ਨਾਲ ਫ਼ੋਨ ਨੂੰ ਲਾਕ ਵੀ ਕਰ ਸਕਦੇ ਹੋ।


ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਕ੍ਰੀਨ 'ਤੇ ਵੀ ਇਕ ਮੈਸੇਜ਼ ਪਾ ਸਕਦੇ ਹੋ, ਤਾ ਕਿ ਕਿਸੇ ਨੂੰ ਫ਼ੋਨ ਮਿਲਣ 'ਤੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। ਆਓ ਜਾਣਦੇ ਹਾਂ ਇਸ ਫੀਚਰ ਨੂੰ ਸੈਟ ਕਰਨ ਲਈ ਤੁਹਾਨੂੰ ਕੀ ਕਰਨਾ ਹੋਵੇਗਾ?


ਚੋਰੀ ਹੋਏ ਫ਼ੋਨ ਬਾਰੇ ਇਸ ਤਰ੍ਹਾਂ ਪਤਾ ਲਗਾਓ :


ਜੇ ਤੁਹਾਡਾ ਐਂਡਰਾਇਡ ਫ਼ੋਨ ਗੁੰਮ ਹੋ ਗਿਆ ਹੈ ਅਤੇ ਤੁਸੀਂ ਫ਼ੋਨ ਲੱਭਣਾ ਚਾਹੁੰਦੇ ਹੋ ਜਾਂ ਡਾਟਾ ਨੂੰ ਲਾਕ ਤੇ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ।



  1. ਸਭ ਤੋਂ ਪਹਿਲਾਂ ਤੁਹਾਡੇ ਚੋਰੀ ਹੋਏ ਫ਼ੋਨ ਦਾ ਆਨ ਹੋਣਾ ਜ਼ਰੂਰੀ ਹੈ।

  2. ਤੁਹਾਡੇ ਫ਼ੋਨ 'ਚ ਗੂਗਲ ਅਕਾਊਂਟ 'ਚ ਸਾਈਨ-ਇਨ ਹੋਣਾ ਵੀ ਜ਼ਰੂਰੀ ਹੈ।

  3. ਫ਼ੋਨ ਦਾ ਡਾਟਾ ਜਾਂ ਵਾਈ-ਫਾਈ ਨਾਲ ਕੁਨੈਕਟ ਹੋਣਾ ਵੀ ਜ਼ਰੂਰੀ ਹੈ।

  4. ਤੁਹਾਡਾ ਫ਼ੋਨ ਗੂਗਲ ਪਲੇ 'ਤੇ ਵਿਖਾਈ ਦੇਵੇ ਅਤੇ ਲੋਕੇਸ਼ਨ ਸੈਟਿੰਗਜ਼ ਚਾਲੂ ਹੋਣੀ ਜ਼ਰੂਰੀ ਹੈ।

  5. ਆਪਣੇ ਫ਼ੋਨ 'ਚ ਫਾਈਂਡ ਮਾਈ ਡਿਵਾਈਸ ਸੈਟਿੰਗ ਦਾ ਆਨ ਹੋਣਾ ਵੀ ਜ਼ਰੂਰੀ ਹੈ।


ਹੁਣ ਤੁਸੀਂ ਫ਼ੋਨ ਦੀ ਭਾਲ ਕਰਨ ਲਈ ਹੇਠਾਂ ਦਿੱਤੇ ਸਟੈਪਸ ਨੂੰ ਫ਼ਾਲੋ ਕਰ ਸਕਦੇ ਹੋ। ਆਓ ਜਾਣਦੇ ਹਾਂ :-



  1. ਫ਼ੋਨ ਦੀ ਭਾਲ ਕਰਨ ਲਈ ਪਹਿਲਾਂ android.com/find 'ਤੇ ਜਾਓ ਅਤੇ ਆਪਣੇ ਗੂਗਲ ਅਕਾਊਂਟ 'ਚ ਲੌਗ ਇਨ ਕਰੋ। ਇਹ ਤੁਹਾਡੇ ਫ਼ੋਨ 'ਚ ਵਰਤਿਆ ਜਾਣ ਵਾਲਾ ਗੂਗਲ ਅਕਾਊਂਟ ਹੀ ਹੋਣਾ ਚਾਹੀਦਾ ਹੈ। ਸਾਈਨ-ਇਨ ਕਰਨ ਤੋਂ ਬਾਅਦ ਤੁਸੀਂ ਆਪਣੇ ਫ਼ੋਨ ਨੂੰ ਟਾਪ ਲੈਫ਼ਟ ਕਾਰਨਰ 'ਚ ਵੇਖ ਸਕੋਗੇ। ਇੱਥੇ ਫ਼ੋਨ ਅੰਤਮ ਵਾਰ ਕਦੋਂ ਆਨਲਾਈਨ ਸੀ ਅਤੇ ਕਿੰਨੀ ਬੈਟਰੀ ਹੈ, ਇਸ ਬਾਰੇ ਜਾਣਕਾਰੀ ਮਿਲ ਜਾਵੇਗੀ।

  2. ਹੁਣ ਤੁਹਾਨੂੰ ਗੂਗਲ ਮੈਪ 'ਚ ਤੁਹਾਡੇ ਫ਼ੋਨ ਦੀ ਲੋਕੇਸ਼ਨ ਪਤਾ ਲੱਗ ਜਾਵੇਗੀ। ਜੇ ਤੁਹਾਡੇ ਫ਼ੋਨ ਦੀ ਮੌਜੂਦਾ ਲੋਕੇਸ਼ਨ ਨਹੀਂ ਮਿਲ ਰਹੀ ਤਾਂ ਗੂਗਲ ਆਖਰੀ ਲੋਕੇਸ਼ਨ ਜ਼ਰੂਰ ਦੱਸ ਦੇਵੇਗਾ।

  3. ਹੁਣ ਤੁਸੀਂ ਉਸ ਥਾਂ 'ਤੇ ਜਾਓ ਜਿੱਥੇ ਫ਼ੋਨ ਦੀ ਲੋਕੇਸ਼ਨ ਹੈ। ਹੁਣ ਇੱਥੇ ਪਲੇ ਸਾਊਂਡ ਆਪਸ਼ਨ ਦੀ ਚੋਣ ਕਰੋ। ਇਸ ਨਾਲ ਫ਼ੋਨ ਸਾਈਲੈਂਟ ਹੋਣ 'ਤੇ ਵੀ 5 ਮਿੰਟ ਤਕ ਰਿੰਗ ਕਰੇਗਾ।

  4. ਜੇ ਤੁਹਾਡਾ ਫ਼ੋਨ ਕਿਸੇ ਅਣਜਾਣ ਥਾਂ 'ਤੇ ਲੋਕੇਟ ਹੋਇਆ ਹੈ ਤਾਂ ਪੁਲਿਸ ਦੀ ਮਦਦ ਲਓ। ਪੁਲਿਸ ਫ਼ੋਨ ਦੇ IMEI ਕੋਡ ਨਾਲ ਤੁਰੰਤ ਇਸ ਦਾ ਪਤਾ ਲਗਾ ਸਕਦੀ ਹੈ।

  5. ਜੇ ਤੁਸੀਂ ਗੁੰਮ ਹੋਏ ਫ਼ੋਨ ਦੀ ਸਕ੍ਰੀਨ ਨੂੰ ਲਾਕ ਕਰਨਾ ਚਾਹੁੰਦੇ ਹੋ ਤਾਂ ਸਿਕਿਓਰ ਡਿਵਾਈਸ ਆਪਸ਼ਨ ਨੂੰ ਸਿਲੈਕਟ ਕਰੋ। ਇਹ ਤੁਹਾਡੇ ਫ਼ੋਨ ਨੂੰ ਲਾਕ ਕਰ ਦੇਵੇਗਾ ਅਤੇ ਤੁਸੀਂ ਗੂਗਲ ਪਲੇਅ ਤੋਂ ਵੀ ਸਾਈਨ ਆਊਟ ਕਰ ਸਕਦੇ ਹੋ।

  6. ਜੇ ਤੁਸੀਂ ਚਾਹੋ ਤਾਂ ਆਪਣੇ ਨੰਬਰ ਦੇ ਨਾਲ ਸਕ੍ਰੀਨ 'ਚ ਮੈਸੇਜ਼ ਵੀ ਛੱਡ ਸਕਦੇ ਹੋ। ਕਿਸੇ ਨੂੰ ਫ਼ੋਨ ਮਿਲਣ 'ਤੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ।

  7. ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਫ਼ੋਨ ਤੋਂ ਡਾਟਾ ਵੀ ਡਿਲੀਟ ਕਰ ਸਕਦੇ ਹੋ। ਪਰ ਇਹ ਯਾਦ ਰੱਖੋ ਕਿ ਇਹ ਤੁਹਾਡੇ ਫ਼ੋਨ ਦਾ ਡਾਟਾ ਹਮੇਸ਼ਾ ਲਈ ਡਿਲੀਟ ਹੋ ਜਾਵੇਗਾ। ਡਾਟਾ ਡਿਲੀਟ ਹੋਣ ਤੋਂ ਬਾਅਦ ਫਾਈਂਡ ਮਾਈ ਡਿਵਾਈਸ ਵੀ ਕੰਮ ਨਹੀਂ ਕਰੇਗੀ।

  8. ਇਸ ਤੋਂ ਇਲਾਵਾ ਜੇ ਤੁਹਾਡਾ ਫ਼ੋਨ ਆਫ਼ਲਾਈਨ ਹੈ ਤਾਂ ਸਿਰਫ਼ ਆਨਲਾਈਨ ਆਉਣ ਤੋਂ ਬਾਅਦ ਹੀ ਤੁਹਾਡੇ ਮੋਬਾਈਲ 'ਚੋਂ ਡਾਟਾ ਡਿਲੀਟ ਹੋਵੇਗਾ।