ਪੀਯੂਸ਼ ਪਾਂਡੇ
ਮੁੰਬਈ: ਜੇ ਤੁਸੀਂ ਯੂਟਿਊਬ ਕ੍ਰੀਏਟਰ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਚੰਗੀ ਨਹੀਂ ਹੈ ਕਿਉਂਕਿ ਹੁਣ ਗੂਗਲ ਦੀ ਮਾਲਕੀ ਵਾਲੇ ਯੂਟਿਊਬ ਪਲੇਟਫ਼ਾਰਮ ਨੇ ਅਮਰੀਕਾ ਨੂੰ ਛੱਡ ਕੇ ਹੋਰ ਸਾਰੇ ਦੇਸ਼ਾਂ ਦੇ ਕ੍ਰੀਏਟਰਜ਼ ਤੋਂ ਟੈਕਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਨਵਾਂ ਨਿਯਮ ਜੂਨ 2021 ਤੋਂ ਲਾਗੂ ਹੋ ਜਾਵੇਗਾ।
ਜੇ ਤੁਸੀਂ ਭਾਰਤ ਜਾਂ ਅਮਰੀਕਾ ਤੋਂ ਬਾਹਰ ਹੋਰ ਕਿਤੇ ਵੀ ਮੌਨੇਟਾਈਜ਼ਿੰਗ ਕ੍ਰੀਏਟਰ ਹੋ, ਤਾਂ ਕੁਝ ਅਹਿਮ ਟੈਕਸ ਤਬਦੀਲੀਆਂ ਛੇਤੀ ਹੀ ਹੋਣ ਜਾ ਰਹੀਆਂ ਹਨ। ਜੇ ਤੁਹਾਡੀ ਵੀਡੀਓ ਨੂੰ ਅਮਰੀਕੀ ਦਰਸ਼ਕਾਂ ਵੱਲੋਂ ਵੇਖੇ ਜਾਣ ਤੋਂ ਆਮਦਨ ਹੋਈ ਹੈ, ਤਾਂ ਵੀ ਟੈਕਸ ਦੇਣਾ ਪਵੇਗਾ।
ਯੂਟਿਊਬ ਤੋਂ ਕ੍ਰੀਏਟਰਜ਼ ਨੂੰ ਹੋਣ ਵਾਲੀ ਆਮਦਨ ’ਚੋਂ ਹੀ ਟੈਕਸ ਕੱਟ ਲਿਆ ਜਾਇਆ ਕਰੇਗਾ। ਅਮਰੀਕਾ ’ਚ ਰਹਿੰਦੇ ਕਿਸੇ ਕ੍ਰੀਏਟਰ ਤੋਂ ਕੋਈ ਟੈਕਸ ਵਸੂਲੀ ਨਹੀਂ ਹੋਵੇਗੀ। ਗੂਗਲ ਦੀ ਮਾਲਕੀ ਵਾਲੀ ਕੰਪਨੀ ਨੇ ਕ੍ਰੀਏਟਰਜ਼ ਨੂੰ ਕਿਹਾ ਹੈ ਕਿ ਉਹ ਐਡ ਸੈਂਸ (AdSense) ਵਿੱਚ ਆਪਣੀ ਸਾਰੀ ਟੈਕਸ ਜਾਣਕਾਰੀ ਮੁਹੱਈਆ ਕਰਵਾਉਣ, ਤਾਂ ਜੋ ਸਹੀ ਟੈਕਸ ਕੱਟਿਆ ਜਾ ਸਕੇ।
ਗੂਗਲ ਦਾ ਕਹਿਣਾ ਹੈ ਕਿ ਅਮਰੀਕਾ ਦੇ ‘ਇੰਟਰਨਲ ਰੈਵੇਨਿਊ ਕੋਡ’ ਦੇ ਚੈਪਟਰ 3 ਅਧੀਨ ਹੁਣ ਟੈਕਸ ਜਾਣਕਾਰੀ ਇਕੱਠੀ ਕਰਨੀ ਜ਼ਰੂਰੀ ਹੋ ਗਈ ਹੈ। ਕ੍ਰੀਏਟਰਜ਼ ਤੋਂ ‘ਯੂਟਿਊਬ ਪਾਰਟਨਰ ਪ੍ਰੋਗਰਾਮ’ (YPP) ਅਧੀਨ ਟੈਕਸ ਜਾਣਕਾਰੀ ਲਈ ਜਾਵੇਗੀ।
ਯੂਟਿਊਬ ਨੇ 31 ਮਈ ਤੱਕ ਕ੍ਰੀਏਟਰਜ਼ ਨੂੰ ਆਪੋ-ਆਪਣੀ ਟੈਕਸ ਜਾਣਕਾਰੀ ਅਪਲੋਡ ਕਰਨ ਲਈ ਕਿਹਾ ਹੈ। ਇੰਝ ਨਾ ਕਰਨ ’ਤੇ ਯੂਟਿਊਬ ਤੋਂ ਹੋਣ ਵਾਲੀ ਕੁੱਲ ਆਮਦਨ ਵਿੱਚੋਂ 24% ਕਟੌਤੀ ਕਰ ਲਈ ਜਾਵੇਗੀ।
ਭਾਰਤ ਦੇ ਕ੍ਰੀਏਟਰਜ਼ ਦੀ ਆਮਦਨ ’ਚੋਂ 15% ਟੈਕਸ ਕੱਟੇ ਜਾਣ ਦੀ ਸੰਭਾਵਨਾ ਹੈ। ਭਾਰਤ ’ਚ 1,700 ਤੋਂ ਵੱਧ ਯੂਟਿਊਬ ਚੈਨਲ ਹਨ ਤੇ ਉਨ੍ਹਾਂ ਦੇ ਅੱਗੇ ਕਰੋੜਾਂ ਸਬਸਕ੍ਰਾਈਬਰਜ਼ ਹਨ।