End of human civilization on earth: ਮਨੁੱਖ ਨੇ ਧਰਤੀ ਉੱਤੇ ਬਹੁਤ ਸਾਰੀਆਂ ਤਬਾਹੀਆਂ ਦੇਖੀਆਂ ਹਨ। ਹਰ ਸਾਲ ਲੋਕ ਭੁਚਾਲ, ਹੜ੍ਹ, ਮਹਾਮਾਰੀ ਤੇ ਹੋਰ ਕਈ ਆਫਤਾਂ ਵੇਖਦੇ ਹਨ ਤੇ ਉਨ੍ਹਾਂ ਨਾਲ ਸੰਘਰਸ਼ ਕਰਦੇ ਹੋਏ ਮਰਦੇ ਹਨ। ਪਿਛਲੇ ਦੋ ਸਾਲਾਂ ਵਿੱਚ ਕਰੋਨਾ ਦੇ ਕਹਿਰ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਪਰ ਅਸੀਂ ਜਿਸ ਤਬਾਹੀ ਦੀ ਗੱਲ ਕਰ ਰਹੇ ਹਾਂ, ਉਸ ਬਾਰੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਦਰਅਸਲ, ਧਰਤੀ ਉੱਤੇ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਸਿਰਫ਼ 1280 ਲੋਕ ਹੀ ਜ਼ਿਊਂਦੇ ਰਹਿ ਗਏ ਸਨ।



ਇਹ ਘਟਨਾ ਕਦੋਂ ਵਾਪਰੀ?
ਜਿਸ ਘਟਨਾ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਨੌਂ ਲੱਖ ਸਾਲ ਪਹਿਲਾਂ ਦੀ ਹੈ। ਕਿਹਾ ਜਾਂਦਾ ਹੈ ਕਿ ਅੱਜ ਇਸ ਧਰਤੀ 'ਤੇ ਜੋ ਅੱਠ ਅਰਬ ਲੋਕ ਜ਼ਿੰਦਾ ਹਨ, ਉਹ ਉਨ੍ਹਾਂ 1280 ਲੋਕਾਂ ਦੀ ਬਦੌਲਤ ਹੀ ਹਨ ਜੋ ਉਸ ਤਬਾਹੀ 'ਚ ਵੀ ਆਪਣੇ ਆਪ ਨੂੰ ਬਚਾਉਣ ਦੇ ਸਮਰੱਥ ਸਨ।



ਵਿਗਿਆਨੀਆਂ ਨੇ ਕੀ ਕਿਹਾ?
ਜਰਮਨ ਨਿਊਜ਼ ਵੈੱਬਸਾਈਟ ਡੀਡਬਲਿਊ ਦੀ ਇੱਕ ਖਬਰ ਮੁਤਾਬਕ, ਜੈਨੇਟਿਕ ਵਿਸ਼ਲੇਸ਼ਣ 'ਤੇ ਆਧਾਰਤ ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਮਨੁੱਖੀ ਪੂਰਵਜ ਇੱਕ ਸਮੇਂ ਤਬਾਹੀ ਦੇ ਬਹੁਤ ਨੇੜੇ ਪੁੱਜ ਚੁੱਕੇ ਸਨ। ਇਸ ਅਧਿਐਨ ਦੇ ਨਤੀਜੇ ਕਹਿੰਦੇ ਹਨ ਕਿ ਇਹ ਉਹ ਦੌਰ ਸੀ, ਜਦੋਂ ਪੂਰੀ ਮਨੁੱਖੀ ਆਬਾਦੀ ਲਗਪਗ ਅਲੋਪ ਹੋ ਚੁੱਕੀ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਜਾਂਚ ਦੋ ਲੱਖ ਸਾਲ ਪਹਿਲਾਂ ਮਿਲੇ ਆਦਿਮ ਮਨੁੱਖਾਂ ਦੇ ਕੁਝ ਅਵਸ਼ੇਸ਼ਾਂ 'ਤੇ ਕੀਤੀ ਗਈ ਹੈ।



ਇਹ ਖੋਜ ਕਿਸ ਨੇ ਕੀਤੀ?
ਇਹ ਖੋਜ ਚੀਨੀ ਅਕੈਡਮੀ ਆਫ਼ ਸਾਇੰਸਜ਼ ਦੇ ਸ਼ੰਘਾਈ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਐਂਡ ਹੈਲਥ ਦੁਆਰਾ ਕੀਤੀ ਗਈ ਹੈ। ਖੋਜਕਰਤਾਵਾਂ ਨੇ ਕੰਪਿਊਟਰ ਮਾਡਲਿੰਗ ਰਾਹੀਂ ਪਤਾ ਲਗਾਇਆ ਕਿ ਨੌਂ ਲੱਖ ਤੀਹ ਹਜ਼ਾਰ ਸਾਲ ਪਹਿਲਾਂ ਇੱਕ ਸਮਾਂ ਸੀ ਜਦੋਂ ਧਰਤੀ ਉੱਤੇ ਸਿਰਫ਼ 1280 ਲੋਕ ਹੀ ਬਚੇ ਸਨ। ਇਸ ਖੋਜ ਨੂੰ ਅੰਜਾਮ ਦੇਣ ਵਾਲੇ ਮੁੱਖ ਖੋਜਕਰਤਾ ਹੈਪੇਂਗ ਲੀ ਨੇ ਕਿਹਾ ਕਿ ਉਸ ਸਮੇਂ ਦੌਰਾਨ 98.7 ਫੀਸਦੀ ਮਨੁੱਖੀ ਆਬਾਦੀ ਤਬਾਹ ਹੋ ਚੁੱਕੀ ਸੀ।



ਧਰਤੀ 'ਤੇ ਕੀ ਹੋਇਆ
ਖੋਜ ਅਨੁਸਾਰ, ਮਨੁੱਖਾਂ ਦੀ ਇਹ ਸਥਿਤੀ ਬਰਫ਼ ਯੁੱਗ ਦੌਰਾਨ ਧਰਤੀ ਦੇ ਡਿੱਗਦੇ ਤਾਪਮਾਨ ਕਾਰਨ ਹੋਈ ਸੀ। ਇਸ ਬਰਫ਼ ਯੁੱਗ ਦੌਰਾਨ ਮਨੁੱਖ ਲਗਪਗ ਅਲੋਪ ਹੋ ਗਿਆ ਸੀ, ਪਰ ਇਸ ਸਮੇਂ ਦੌਰਾਨ ਵੀ ਕੁਝ ਮਨੁੱਖ ਅਜਿਹੇ ਸਨ ਜੋ ਆਪਣੇ ਆਪ ਨੂੰ ਬਚਾਉਣ ਵਿੱਚ ਸਫਲ ਰਹੇ ਤੇ ਇਹ ਮਨੁੱਖ ਬਾਅਦ ਵਿੱਚ ਮਨੁੱਖੀ ਸਭਿਅਤਾ ਦੇ ਵਿਕਾਸ ਦਾ ਕਾਰਨ ਬਣੇ।