ਸੀਐੱਮ ਮਾਨ ਨੇ ਕੀਤੀ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਮੰਗਲਵਾਰ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajendra Singh Shekhawat) ਨਾਲ ਮੁਲਾਕਾਤ ਕੀਤੀ। ਸੀਐਮ ਮਾਨ ਨੇ ਪੰਜਾਬ ਵਿੱਚ ਨਹਿਰੀ ਪ੍ਰਬੰਧਾਂ ਦੀ ਮੁਰੰਮਤ (repair of canal arrangements) ਲਈ ਵਿਸ਼ੇਸ਼ ਫੰਡ ਅਲਾਟ ਕਰਨ ਦੀ ਮੰਗ ਕੀਤੀ। ਸੀਐਮ ਮਾਨ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਬਣੀ ਅੱਪਰ ਬਾਰੀ ਦੁਆਬ ਨਹਿਰ (UBDC) ਦਾ ਹੁਣ ਬੁਰਾ ਹਾਲ ਹੈ। ਇਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਣੀਆਂ ਨਹਿਰਾਂ ਨੂੰ ਵੀ ਮਜ਼ਬੂਤ ਅਤੇ ਨਵੀਨੀਕਰਨ ਦੀ ਲੋੜ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਸੂਬੇ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਨਹਿਰਾਂ ਦੀ ਪਾਣੀ ਦੀ ਸਮਰੱਥਾ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੀਆਂ ਮੰਗਾਂ ’ਤੇ ਗੌਰ ਕਰੇਗੀ।