‘Bandi Sikhs’ ਦੀ ਰਿਹਾਈ ਦੀ ਹੱਕੀ ਮੰਗ ਲਈ ਹਰ ਪੱਧਰ ’ਤੇ ਲੜਾਂਗੇ ਸੰਘਰਸ਼- ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਖੇ ਧਰਨੇ ਲਗਾ ਕੇ ਕੌਮੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਲਗਾਏ ਇਨ੍ਹਾਂ ਰੋਸ ਧਰਨਿਆਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਮੁਲਾਜ਼ਮਾਂ ਨੇ ਕਾਲੇ ਚੋਲੇ ਅਤੇ ਜ਼ੰਜੀਰਾਂ ਪਾ ਕੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੰਥਕ ਦਰਦੀ ਵੀ ਰਸੋ ਧਰਨਿਆਂ ਦਾ ਹਿੱਸਾ ਬਣੇ। ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਲਗਾਏ ਗਏ ਧਰਨੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ, ਜਦਕਿ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਮੁਲਾਜ਼ਮਾਂ ਸਮੇਤ ਪੰਥ ਦਰਦੀ ਸ਼ਾਮਲ ਹੋਏ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਸਥਿਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਇਕੱਠ ਹੋਇਆ, ਜਿਥੋਂ ਜੈਕਾਰਿਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਹਰਿਆਂ ਦੀ ਗੂੰਜ ’ਚ ਰੋਸ ਮਾਰਚ ਡੀ.ਸੀ. ਦਫ਼ਤਰ ਪਹੁੰਚਿਆ। ਇਸ ਮਾਰਚ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਖੁੱਲ੍ਹੀ ਗੱਡੀ ਵਿਚ ਸਵਾਰ ਸਨ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋ ਪਹੀਆ ਵਾਹਨਾਂ ’ਤੇ ਚੱਲ ਰਹੇ ਸਨ।