ਇਸ ਮੰਦਰ 'ਚ ਹੁੰਦੀ ਕੁੱਤੇ ਦੀ ਪੂਜਾ, ਜਾਣੋ ਕੁਕੁਰਦੇਵ ਮੰਦਰ ਦੀ ਪੂਰੀ ਕਹਾਣੀ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ 'ਚ ਇਕ ਅਜਿਹਾ ਮੰਦਰ ਵੀ ਹੈ, ਜਿਸ 'ਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਿਰ ਕੁਕੁਰਦੇਵ ਮੰਦਰ ਵਜੋਂ ਜਾਣਿਆ ਜਾਂਦਾ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ 'ਚ ਇਕ ਅਜਿਹਾ ਮੰਦਰ ਵੀ ਹੈ, ਜਿਸ 'ਚ ਕੁੱਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਿਰ ਕੁਕੁਰਦੇਵ ਮੰਦਰ ਵਜੋਂ ਜਾਣਿਆ ਜਾਂਦਾ ਹੈ। ਕੁਕੁਰਦੇਵ ਮੰਦਿਰ ਛੱਤੀਸਗੜ੍ਹ ਦੇ ਰਾਏਪੁਰ ਤੋਂ 132 ਕਿਲੋਮੀਟਰ ਦੂਰ ਦੁਰਗ ਜ਼ਿਲੇ ਦੇ ਖਾਪਰੀ ਪਿੰਡ 'ਚ ਸਥਿਤ ਹੈ। ਇਸ ਮੰਦਰ ਦੇ ਗਰਭ ਵਿੱਚ ਕੁੱਤੇ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜਦਕਿ ਇਸ ਦੇ ਨਾਲ ਇੱਕ ਸ਼ਿਵਲਿੰਗ ਵੀ ਹੈ। ਸਾਵਨ ਦੇ ਮਹੀਨੇ ਦੌਰਾਨ ਇਸ ਮੰਦਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਸੰਖਿਆ ਵਿੱਚ ਕਾਫ਼ੀ ਵਾਧਾ ਹੁੰਦਾ ਹੈ।
ਲੋਕ ਸ਼ਿਵ ਜੀ ਦੇ ਨਾਲ ਕੁਕੁਰਦੇਵ ਦੀ ਵੀ ਪੂਜਾ ਉਸੇ ਤਰ੍ਹਾਂ ਕਰਦੇ ਹਨ ਜਿਸ ਤਰ੍ਹਾਂ ਸ਼ਿਵ ਮੰਦਰਾਂ 'ਚ ਨੰਦੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਮੰਦਰ 200 ਮੀਟਰ ਦੇ ਘੇਰੇ 'ਚ ਫੈਲਿਆ ਹੋਇਆ ਹੈ। ਮੰਦਰ ਦੇ ਅਸਥਾਨ ਤੋਂ ਇਲਾਵਾ ਇਥੇ ਪ੍ਰਵੇਸ਼ ਦੁਆਰ ਦੇ ਦੋਵੇਂ ਪਾਸੇ ਕੁੱਤਿਆਂ ਦੀ ਮੂਰਤੀ ਵੀ ਹੈ। ਇਹ ਮੰਨਿਆ ਜਾਂਦਾ ਹੈ ਕਿ ਕੁਕੁਰਦੇਵ ਦੇ ਦਰਸ਼ਨ ਕਰਨ ਨਾਲ ਕੁਕੁਰਖਾਂਸੀ ਹੋਣ ਦਾ ਡਰ ਨਹੀਂ ਰਹਿੰਦਾ ਤੇ ਨਾ ਹੀ ਕੁੱਤਿਆਂ ਦੇ ਵੱਢਣ ਦਾ ਜੋਖਮ ਰਹਿੰਦਾ ਹੈ।
ਦਰਅਸਲ, ਕੁਕੁਰਦੇਵ ਮੰਦਰ ਇਕ ਸਮਾਰਕ ਹੈ। ਇਹ ਇਕ ਵਫ਼ਾਦਾਰ ਕੁੱਤੇ ਦੀ ਯਾਦ 'ਚ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਸਦੀਆਂ ਪਹਿਲਾਂ ਇਕ ਬਨਜਾਰਾ ਆਪਣੇ ਪਰਿਵਾਰ ਨਾਲ ਇਸ ਪਿੰਡ ਆਇਆ ਸੀ। ਉਸ ਦੇ ਨਾਲ ਇੱਕ ਕੁੱਤਾ ਵੀ ਸੀ। ਇਕ ਵਾਰੀ ਪਿੰਡ 'ਚ ਅਕਾਲ ਪੈ ਗਿਆ, ਤਾਂ ਬਨਜਾਰੇ ਨੇ ਪਿੰਡ ਦੇ ਸ਼ਾਹੂਕਾਰ ਤੋਂ ਕਰਜ਼ਾ ਲੈ ਲਿਆ, ਪਰ ਉਹ ਕਰਜ਼ਾ ਵਾਪਸ ਨਹੀਂ ਕਰ ਸਕਿਆ। ਅਜਿਹੀ ਸਥਿਤੀ ਵਿੱਚ, ਉਸ ਨੇ ਆਪਣੇ ਵਫ਼ਾਦਾਰ ਕੁੱਤੇ ਨੂੰ ਸ਼ਾਹੂਕਾਰ ਕਲ ਗਿਰਵੀ ਰੱਖ ਦਿੱਤਾ।
ਕਿਹਾ ਜਾਂਦਾ ਹੈ ਕਿ ਇਕ ਵਾਰ ਇਕ ਸ਼ਾਹੂਕਾਰ ਦੇ ਚੋਰੀ ਹੋ ਗਈ। ਚੋਰਾਂ ਨੇ ਸਾਰਾ ਸਮਾਨ ਜ਼ਮੀਨ ਹੇਠ ਦੱਬ ਦਿੱਤਾ ਅਤੇ ਸੋਚਿਆ ਕਿ ਉਹ ਬਾਅਦ 'ਚ ਇਸ ਨੂੰ ਬਾਹਰ ਕੱਢ ਲੈਣਗੇ, ਪਰ ਕੁੱਤੇ ਨੂੰ ਚੋਰੀ ਹੋਏ ਸਮਾਨ ਬਾਰੇ ਪਤਾ ਲੱਗਿਆ ਅਤੇ ਉਹ ਸ਼ਾਹੂਕਾਰ ਨੂੰ ਉਥੇ ਲੈ ਗਿਆ। ਜਦੋਂ ਸ਼ਾਹੂਕਾਰ ਨੇ ਕੁੱਤੇ ਦੀ ਜਗ੍ਹਾ 'ਤੇ ਟੋਇਆ ਪੁੱਟਿਆ ਤਾਂ ਉਸ ਨੂੰ ਆਪਣਾ ਸਾਰਾ ਸਮਾਨ ਮਿਲ ਗਿਆ।
ਕੁੱਤੇ ਦੀ ਵਫ਼ਾਦਾਰੀ ਤੋਂ ਖੁਸ਼ ਹੋਕੇ, ਸ਼ਾਹੂਕਾਰ ਨੇ ਉਸ ਨੂੰ ਮੁਕਤ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਉਸ ਨੇ ਬਨਜਾਰੇ ਨੂੰ ਇੱਕ ਪੱਤਰ ਲਿਖਿਆ ਅਤੇ ਕੁੱਤੇ ਦੇ ਗਲੇ 'ਤੇ ਟੰਗ ਕੇ ਉਸ ਨੂੰ ਉਸ ਦੇ ਮਾਲਕ ਕੋਲ ਭੇਜ ਦਿੱਤਾ। ਇੱਥੇ, ਜਿਵੇਂ ਹੀ ਕੁੱਤਾ ਬਨਜਾਰੇ ਕੋਲ ਪਹੁੰਚਿਆ, ਉਸ ਲੱਗਿਆ ਕਿ ਉਹ ਸ਼ਾਹੂਕਾਰ ਤੋਂ ਭੱਜ ਕੇ ਇਥੇ ਆਇਆ ਹੈ, ਇਸ ਲਈ ਉਹ ਗੁੱਸੇ ਵਿੱਚ ਆਇਆ ਅਤੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਹਾਲਾਂਕਿ, ਬਾਅਦ ਵਿੱਚ ਬਨਜਾਰਾ ਹੈਰਾਨ ਰਹਿ ਗਿਆ ਜਦੋਂ ਉਸ ਨੇ ਕੁੱਤੇ ਦੇ ਗਲੇ ਵਿੱਚ ਲਟਕਦੀ ਸ਼ਾਹੂਕਾਰ ਦੀ ਚਿੱਠੀ ਪੜ੍ਹੀ। ਉਹ ਆਪਣੇ ਕੀਤੇ ਕੰਮ ਲਈ ਬਹੁਤ ਪਛਤਾਇਆ। ਫਿਰ ਉਸ ਨੇ ਕੁੱਤੇ ਨੂੰ ਉਸੇ ਜਗ੍ਹਾ ਦਫਨਾਇਆ ਤੇ ਇਸ 'ਤੇ ਇਕ ਯਾਦਗਾਰ ਬਣਾਈ। ਇਸ ਸਮਾਰਕ ਨੂੰ ਬਾਅਦ 'ਚ ਇਕ ਮੰਦਰ ਦੀ ਸ਼ਕਲ ਦਿੱਤੀ ਗਈ, ਜਿਸ ਨੂੰ ਅੱਜ ਕੁਕੁਰਮੰਦਰ ਕਿਹਾ ਜਾਂਦਾ ਹੈ।