ਇਸ ਲਈ ਆਪਣੇ ਹੀ ਵਿਆਹ 'ਚ ਨਹੀਂ ਪਹੁੰਚੇ ਵਿਧਾਇਕ, ਖੁਦ ਦੱਸਿਆ ਹੈਰਾਨ ਕਰਨ ਵਾਲਾ ਕਾਰਨ
ਆਪਣੇ ਹੀ ਵਿਆਹ 'ਚ ਨਹੀਂ ਪਹੁੰਚਣ ਵਾਲੇ ਤਿਰਤੋਲ ਤੋਂ ਬੀਜੂ ਜਨਤਾ ਦਲ (ਬੀਜੇਡੀ) ਵਿਧਾਇਕ ਬਿਜੈ ਸ਼ੰਕਰ ਦਾਸ ਨੇ ਐਤਵਾਰ ਨੂੰ ਕਿਹਾ ਕਿ ਉਹ ਅਗਲੇ 60 ਦਿਨਾਂ 'ਚ ਆਪਣੀ ਮੰਗੇਤਰ ਨਾਲ ਵਿਆਹ ਕਰਨ ਲਈ ਤਿਆਰ ਹਨ। ਵਿਆਹ 'ਚ ਨਾ ਪਹੁੰਚਣ 'ਤੇ ਵਿਧਾਇਕ ਦੀ ਮੰਗੇਤਰ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ।

ਪਾਰਾਦੀਪ : ਆਪਣੇ ਹੀ ਵਿਆਹ 'ਚ ਨਹੀਂ ਪਹੁੰਚਣ ਵਾਲੇ ਤਿਰਤੋਲ ਤੋਂ ਬੀਜੂ ਜਨਤਾ ਦਲ (ਬੀਜੇਡੀ) ਵਿਧਾਇਕ ਬਿਜੈ ਸ਼ੰਕਰ ਦਾਸ ਨੇ ਐਤਵਾਰ ਨੂੰ ਕਿਹਾ ਕਿ ਉਹ ਅਗਲੇ 60 ਦਿਨਾਂ 'ਚ ਆਪਣੀ ਮੰਗੇਤਰ ਨਾਲ ਵਿਆਹ ਕਰਨ ਲਈ ਤਿਆਰ ਹਨ। ਵਿਆਹ 'ਚ ਨਾ ਪਹੁੰਚਣ 'ਤੇ ਵਿਧਾਇਕ ਦੀ ਮੰਗੇਤਰ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ।
ਔਰਤ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਵਿਧਾਇਕ ਦੇ ਪਰਿਵਾਰਕ ਮੈਂਬਰ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਹੇ ਸਨ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਵਿਆਹ ਨਾ ਕਰਵਾਉਣ ਲਈ ਦਬਾਅ ਪਾਇਆ ਗਿਆ ਸੀ। ਸ਼ੰਕਰ ਦਾਸ ਦੇ ਖ਼ਿਲਾਫ਼ ਭਾਰਤੀ ਅਪਰਾਧ ਦੀ ਧਾਰਾ 420 (ਧੋਖਾਧੜੀ), 195ਏ (ਝੂਠੀ ਗਵਾਹੀ ਦੇਣ ਦੀ ਧਮਕੀ ਦੇਣ ਵਾਲੇ ਵਿਅਕਤੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼ ਲਈ ਸਜ਼ਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜੋੜੇ ਨੇ ਆਪਣੇ ਵਿਆਹ ਲਈ 17 ਮਈ 2022 ਨੂੰ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ। ਮਹਿਲਾ ਆਪਣੇ ਰਿਸ਼ਤੇਦਾਰਾਂ ਸਮੇਤ ਮੈਰਿਜ ਰਜਿਸਟ੍ਰੇਸ਼ਨ ਦਫ਼ਤਰ ਪਹੁੰਚੀ ਸੀ, ਪਰ ਵਿਧਾਇਕ ਉੱਥੇ ਨਹੀਂ ਪਹੁੰਚਿਆ। 30 ਸਾਲਾ ਸ਼ੰਕਰ ਦਾਸ ਨੇ ਪੱਤਰਕਾਰਾਂ ਨੂੰ ਕਿਹਾ, "ਹਾਂ, ਮੈਂ ਅਗਲੇ 60 ਦਿਨਾਂ 'ਚ ਉਸ ਨਾਲ ਵਿਆਹ ਕਰਨ ਲਈ ਤਿਆਰ ਹਾਂ। ਵਿਆਹ ਦੀ ਰਜਿਸਟ੍ਰੇਸ਼ਨ ਦੀ ਅਰਜ਼ੀ ਦਿੱਤੇ ਨੂੰ ਇੱਕ ਮਹੀਨਾ ਬੀਤ ਚੁੱਕਾ ਹੈ। ਮੇਰੇ ਕੋਲ ਅਜੇ ਵੀ 60 ਦਿਨ ਹਨ। ਮੇਰੀ ਮਾਂ ਬਿਮਾਰ ਹੈ ਅਤੇ ਮੈਂ ਇਸ ਸਮੇਂ ਦੌਰਾਨ ਜੋ ਵੀ ਕਰ ਸਕਦਾ ਹਾਂ, ਕਰਾਂਗਾ।"
ਧੋਖਾਧੜੀ ਦੇ ਦੋਸ਼ ਨੂੰ ਨਕਾਰਦਿਆਂ ਸ਼ੰਕਰ ਦਾਸ ਨੇ ਕਿਹਾ, "ਮੈਂ ਕਦੇ ਵੀ ਵਿਆਹ ਤੋਂ ਇਨਕਾਰ ਨਹੀਂ ਕੀਤਾ। ਦਰਅਸਲ, ਮੈਂ ਮੀਡੀਆ ਅਤੇ ਜਨਤਾ ਸਾਹਮਣੇ ਇਸ ਦਾ ਐਲਾਨ ਕੀਤਾ ਹੈ। ਇਸ ਲਈ ਧੋਖਾਧੜੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।" ਮਹਿਲਾ ਨੇ ਦਾਅਵਾ ਕੀਤਾ ਕਿ ਸ਼ੰਕਰ ਦਾਸ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ ਅਤੇ ਵਿਧਾਇਕ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਵਿਧਾਇਕ ਦੇ ਪਰਿਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਬੀਜੇਡੀ ਦੇ ਮਰਹੂਮ ਆਗੂ ਅਤੇ ਸਾਬਕਾ ਮੰਤਰੀ ਬਿਸ਼ਨੂ ਚਰਨ ਦਾਸ ਦਾ ਪੁੱਤਰ ਸ਼ੰਕਰ ਦਾਸ ਪਿਛਲੇ ਕੁਝ ਸਮੇਂ ਤੋਂ ਮਹਿਲਾ ਨਾਲ ਸਬੰਧਾਂ 'ਚ ਸੀ।






















