ਪਟਨਾ: ਅੱਜ-ਕੱਲ੍ਹ ਬਿਹਾਰ ਦੀ ਇੱਕ ਮਿਠਿਆਈ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਚਰਚਾ ਵਿੱਚ ਹੈ। ਭਾਰਤੀ ਭਾਵੇਂ ਅਮਰੀਕਾ ਜਾਂ ਸਵੀਡਨ ਵਿੱਚ ਹੋਣ, ਇਹ ਮਿਠਿਆਈ ਇੰਨੀ ਚੰਗੀ ਲੱਗ ਰਹੀ ਹੈ ਕਿ ਹੁਣ ਇਹ ਵਿਦੇਸ਼ਾਂ 'ਚ ਵੀ ਜਾਣ ਲੱਗੀ ਹੈ। ਅਮਰੀਕਾ ਵਿੱਚ ਇਸ ਮਿਠਿਆਈ ਦੀ ਕੀਮਤ 7500 ਰੁਪਏ ਪ੍ਰਤੀ ਕਿੱਲੋ ਹੈ।


ਇਸ ਮਿਠਿਆਈ ਨੂੰ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਬਾਜਪਾਈ ਜੀ ਵੀ ਬਹੁਤ ਪਸੰਦ ਕਰਦੇ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਮਿਠਿਆਈ ਵਿੱਚ ਦਿਲਚਸਪੀ ਰੱਖਦੇ ਹਨ। ਇਸ ਮਿਠਿਆਈ ਦਾ ਨਾਮ 'ਖਾਜਾ' ਹੈ। ਹੁਣ ਇਸ ਮਿਠਿਆਈ ਨੂੰ ਨਾ ਸਿਰਫ ਜੀਆਈ ਟੈਗ ਮਿਲਿਆ ਹੈ ਬਲਕਿ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਵੀ ਪ੍ਰਾਪਤ ਹੋਈ ਹੈ।

ਜਿਵੇਂ ਪੰਜਾਬ ਵਿੱਚ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਲੱਡੂ ਆਉਂਦੇ ਹਨ। ਉਸੇ ਤਰ੍ਹਾਂ ਬਿਹਾਰ ਵਿੱਚ ਖਾਜਾ ਮਿਠਿਆਈ ਹੈ। ਜਦੋਂ ਵੀ ਇਹ ਖਾਜਾ ਦੀ ਗੱਲ ਆਉਂਦੀ ਹੈ, ਤਾਂ ਰਾਜਗੀਰ ਤੇ ਨਾਲੰਦਾ ਦੇ ਵਿਚਕਾਰ ਸਥਿਤ ਸਿਲਾਵ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ। ਸਿਲਾਵ ਦਾ ਖਾਜਾ ਨਾ ਸਿਰਫ ਦੇਸ਼ ਵਿਚ, ਬਲਕਿ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੈ।

ਇਹੀ ਕਾਰਨ ਹੈ ਕਿ ਹੁਣ ਸਿਲਾਵ ਦੀ ਮਿੱਠਆਈ ਆਨਲਾਈਨ ਵੀ ਵਿਕ ਰਹੀ ਹੈ। ਦੇਸ਼-ਵਿਦੇਸ਼ ਤੋਂ ਲੋਕ ਘਰ ਬੈਠ ਹੀ ਖਾਜਾ ਦਾ ਅਨੰਦ ਲੈ ਰਹੇ ਹਨ। ਖਾਜਾ ਦੇ ਕ੍ਰੇਜ਼ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਲਾਵ ਵਿੱਚ 300 ਰੁਪਏ ਵਿੱਚ ਵਿਕਣ ਵਾਲਾ ਖਾਜਾ ਅਮਰੀਕਾ ਵਿੱਚ 7500 ₹ ਕਿੱਲੋ ਵਿਕਦਾ ਹੈ। ਇਹ ਸਿਰਫ ਅਮਰੀਕਾ ਵਿੱਚ ਹੀ ਨਹੀਂ ਬਲਕਿ ਸਵੀਡਨ, ਇਟਲੀ ਅਤੇ ਇੰਗਲੈਂਡ 'ਚ ਵੀ ਆਨਲਾਈਨ ਪ੍ਰਾਪਤ ਕੀਤੇ ਜਾ ਰਿਹਾ ਹੈ।

ਇੱਕ ਖਾਜਾ ਵਿੱਚ 52 ਪਰਤਾਂ ਹੁੰਦੀਆਂ ਹਨ। ਇਹ ਮਿੱਠਆਈ ਪੈਟੀ ਵਰਗੀ ਲੱਗਦੀ ਹੈ। ਜੋ ਖਾਣ ਵਿੱਚ ਕੁਰਕੁਰੀ ਹੁੰਦੀ ਹੈ। ਇਹ ਦੋਵੇਂ ਮਿੱਠੀ ਅਤੇ ਨਮਕੀਨ ਬਣਾਈ ਜਾਂਦੀ ਹੈ। ਇਸ ਵਿੱਚ ਆਟਾ, ਚੀਨੀ ਅਤੇ ਇਲਾਇਚੀ ਵਰਤੀ ਜਾਂਦੀ ਹੈ।ਇਸ ਨੂੰ ਰਿਫਾਇੰਡ ਜਾਂ ਦੇਸੀ ਘਿਓ ਵਿਚ ਤਿਆਰ ਕੀਤਾ ਜਾਂਦਾ ਹੈ। ਸਿਲਾਵ ਦੇ ਇੱਕ ਪਰਿਵਾਰ ਨੇ ਇਸ ਮਿੱਠਆਈ ਨੂੰ ਅੰਤਰਰਾਸ਼ਟਰੀ ਪਛਾਣ ਦਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਨੌਜਵਾਨ ਕਾਰੋਬਾਰੀ ਸੰਜੀਵ ਕੁਮਾਰ ਦਾ ਪਰਿਵਾਰ ਪਿਛਲੇ 200 ਸਾਲਾਂ ਤੋਂ ਸਿਲਾਵ ਵਿੱਚ ਖਾਜਾ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ।ਵੈਸੇ, ਤਾਂ ਉਨ੍ਹਾਂ ਦੀਆਂ ਇੱਥੇ 75 ਤੋਂ ਵੱਧ ਖਾਜਾ ਦੀਆਂ ਦੁਕਾਨਾਂ ਹਨ। ਪਰ  ਸੰਜੀਵ ਦੇ ਅਨੁਸਾਰ, ਜਦੋਂ ਤੋਂ ਉਸਨੇ ਆਪਣੀ ਆਨਲਾਈਨ ਮਾਰਕੀਟਿੰਗ ਸ਼ੁਰੂ ਕੀਤੀ ਹੈ ਉਦੋਂ ਤੋਂ ਖਾਜਾ ਦੀ  ਬਹੁਤ ਜ਼ਿਆਦਾ ਮੰਗ ਵੱਧ ਗਈ ਹੈ। www.srikalisah.com 'ਤੇ ਜਾ ਕੇ ਖਾਜਾ ਨੂੰ ਆਨਲਾਈਨ ਆਰਡਰ ਕੀਤਾ ਜਾ ਸਕਦਾ ਹੈ।