ਜੰਗੀ ਜਹਾਜ਼ ਮਿਰਾਜ ਦਾ ਟਾਇਰ ਚੋਰੀ ਕਰਨ ਵਾਲਿਆਂ ਦਾ ਅਜੀਬ ਖੁਲਾਸਾ, ਬੋਲੇ, ਟਰੱਕ ਦਾ ਪਹੀਆ ਸਮਝ ਕੇ ਲੈ ਗਏ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਚੋਰੀ ਹੋਏ ਫਾਈਟਰ ਪਲੇਨ ਮਿਰਾਜ ਦਾ ਪਹੀਆ ਮਿਲ ਗਿਆ ਹੈ। ਇਸ ਪਹੀਏ ਨੂੰ ਚੋਰੀ ਕਰਨ ਵਾਲੇ ਚੋਰਾਂ ਨੇ ਵਾਪਸ ਕਰ ਦਿੱਤਾ ਹੈ।
ਲਖਨਾਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਚੋਰੀ ਹੋਏ ਫਾਈਟਰ ਪਲੇਨ ਮਿਰਾਜ ਦਾ ਪਹੀਆ ਮਿਲ ਗਿਆ ਹੈ। ਇਸ ਪਹੀਏ ਨੂੰ ਚੋਰੀ ਕਰਨ ਵਾਲੇ ਚੋਰਾਂ ਨੇ ਵਾਪਸ ਕਰ ਦਿੱਤਾ ਹੈ। ਚੋਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਪਹੀਆ ਮਿਰਾਜ ਦਾ ਹੈ। ਚੋਰਾਂ ਨੇ ਇਸ ਨੂੰ ਟਰੱਕ ਦਾ ਪਹੀਆ ਸਮਝ ਕੇ ਚੋਰੀ ਕਰ ਲਿਆ ਸੀ। ਫਿਲਹਾਲ ਟਾਇਰ ਮਿਲਣ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।
ਲਖਨਊ ਪੁਲਿਸ ਕਮਿਸ਼ਨਰੇਟ ਦੀ ਤਰਫੋਂ ਇੱਕ ਬਿਆਨ ਜਾਰੀ ਕਰਕੇ ਚੋਰੀ ਹੋਏ ਟਾਇਰ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ਜਾਰੀ ਕੀਤਾ ਗਿਆ ਹੈ ਕਿ ਬੀਕੇਟੀ ਏਅਰਫੋਰਸ ਸਟੇਸ਼ਨ 'ਤੇ ਦੋ ਨੌਜਵਾਨਾਂ ਨੇ ਇਹ ਟਾਇਰ ਅਧਿਕਾਰੀਆਂ ਨੂੰ ਸੌਂਪਿਆ ਹੈ। ਇਹ ਟਾਇਰ ਸ਼ਹੀਦ ਮਾਰਗ ਵਾਲੇ ਪਾਸੇ ਤੋਂ ਚੋਰੀ ਹੋਇਆ ਸੀ। ਇਸ ਮਾਮਲੇ ਵਿੱਚ 1 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ।
ਇਸ ਟਾਇਰ ਨੂੰ ਦੀਪਰਾਜ ਤੇ ਹਿਮਾਂਸ਼ੁ ਨਾਂ ਦੇ ਵਿਅਕਤੀਆਂ ਨੇ ਚੋਰੀ ਕੀਤਾ ਸੀ। ਦੀਪਰਾਜ ਹਿਮਾਂਸ਼ੂ ਦਾ ਚਾਚਾ ਲੱਗਦਾ ਹੈ। ਦੋਵਾਂ ਨੇ ਦੱਸਿਆ ਕਿ 26 ਨਵੰਬਰ ਦੀ ਰਾਤ 10:30 ਤੋਂ 10:45 ਦੇ ਦਰਮਿਆਨ ਸ਼ਹੀਦ ਮਾਰਗ 'ਤੇ ਇੱਕ ਟਾਇਰ ਮਿਲਿਆ, ਜਿਸ ਨੂੰ ਉਹ ਟਰੱਕ ਦਾ ਟਾਇਰ ਸਮਝ ਕੇ ਘਰ ਲੈ ਆਏ ਸਨ। ਬਾਅਦ ਵਿੱਚ 3 ਦਸੰਬਰ ਨੂੰ ਉਨ੍ਹਾਂ ਨੇ ਨਿਊਜ਼ ਵਿੱਚ ਦੇਖਿਆ ਕਿ ਮਿਰਾਜ ਦਾ ਪਹੀਆ ਚੋਰੀ ਹੋ ਗਿਆ ਹੈ। ਸ਼ਹੀਦੀ ਮਾਰਗ ਦੀ ਘਟਨਾ ਖ਼ਬਰ ਵਿੱਚ ਦੱਸੀ ਗਈ ਸੀ, ਇਸ ਲਈ ਉਨ੍ਹਾਂ ਨੇ ਸੋਚਿਆ ਕਿ ਇਹ ਉਹੀ ਟਾਇਰ ਹੈ। ਇਹ ਟਾਇਰ ਵੀ ਥੋੜ੍ਹਾ ਵੱਖਰਾ ਸੀ। ਜਿਸ ਤੋਂ ਬਾਅਦ ਦੋਵਾਂ ਨੇ ਇਹ ਟਾਇਰ ਏਅਰ ਫੋਰਸ ਨੂੰ ਸੌਂਪ ਦਿੱਤਾ ਹੈ।
ਇਸ ਮਾਮਲੇ 'ਚ ਟਰੱਕ ਡਰਾਈਵਰ ਨੇ ਲਖਨਊ ਦੇ ਆਸ਼ਿਆਨਾ ਥਾਣੇ 'ਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਡੀਸੀਪੀ ਈਸਟ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਟਰੱਕ ਲਖਨਊ ਦੇ ਬਖਸ਼ੀ ਤਾਲਾਬ ਏਅਰਵੇਅ ਤੋਂ ਅਜਮੇਰ ਜਾ ਰਿਹਾ ਸੀ। ਇਹ ਟਰੱਕ ਮਿਰਾਜ ਲੜਾਕੂ ਜਹਾਜ਼ ਦੇ 5 ਪਹੀਏ ਲੈ ਕੇ ਅਜਮੇਰ ਜਾ ਰਿਹਾ ਸੀ ਪਰ ਇਸ ਦਾ ਇਕ ਪਹੀਆ ਗਾਇਬ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਧਾਰਾ 379 ਤਹਿਤ ਮਾਮਲਾ ਦਰਜ ਕਰ ਲਿਆ ਸੀ।