ਚੰਡੀਗੜ੍ਹ: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇਣ ਦੀਆਂ ਸਾਰੀਆਂ ਯੋਜਨਾਵਾਂ ਪਿੰਡ ਉਦੇਕਰਣ ਵਿੱਚ ਰਹਿ ਰਹੇ ‘ਗੱਡੀਆਂ ਵਾਲੇ’ ਕਬੀਲੇ ਦੇ ਵੱਡੇ ਵਡੇਰੇ ਲਾਲ ਚੰਦ ਕੋਲ ਆ ਕੇ ਫੇਲ੍ਹ ਹੋ ਜਾਂਦੀਆਂ ਹਨ। ਦੇਸ਼ ਦੀ ਆਜ਼ਾਦੀ ਦੇ 69 ਸਾਲ ਬਾਅਦ ਵੀ ਦੇਸ਼ ਦੇ ਇਹ ਨਾਗਰਿਕ ਵੋਟਾਂ ਦੇ ਅਧਿਕਾਰ ਤੋਂ ਵਾਂਝੇ ਹਨ।
ਉਨ੍ਹਾਂ ਦਾ ਕਸੂਰ ਸਿਰਫ ਏਨਾਂ ਹੈ ਕਿ ਉਨ੍ਹਾਂ ਕੋਲ ਆਪਣੇ ਘਰ ਨਹੀਂ ਤੇ ਦੂਜਾ ਕਸੂਰ ਉਨ੍ਹਾਂ ਦੀ ਕੋਈ ਸਿਆਸੀ ਪਹੁੰਚ ਨਹੀਂ। 70 ਸਾਲਾ ਲਾਲ ਚੰਦ ਨੇ ਦੱਸਿਆ ਕਿ ਉੋਸਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਕਦੇ ਵੀ ਵੋਟ ਨਹੀਂ ਪਾਈ, ਕਿਉਂਕਿ ਉਨ੍ਹਾਂ ਦੀ ਵੋਟ ਹੀ ਨਹੀਂ ਬਣੀ। ਉਨ੍ਹਾਂ ਨੂੰ ਵੋਟ ਬਾਰੇ ਕੁਝ ਪਤਾ ਹੀ ਨਹੀਂ। ਉਨ੍ਹਾਂ ਕਿਹਾ ਕਿ ਉਹ ਕਰੀਬ 20 ਸਾਲਾਂ ਤੋਂ ਪਿੰਡ ਉਦੇਕਰਨ ‘ਚ ਪੱਕੇ ਤੌਰ ‘ਤੇ ਰਹਿ ਰਹੇ ਹਨ। ਉਨ੍ਹਾਂ ਦੇ ਆਧਾਰ ਕਾਰਡ ਵੀ ਬਣੇ ਹਨ ਪਰ ਵੋਟਾਂ ਨਹੀਂ ਬਣੀਆਂ। ਉਨ੍ਹਾਂ ਕਿਹਾ ਕਿ ਕਿਸੇ ਸਿਆਸੀ ਆਗੂ ਨੇ ਉਨ੍ਹਾਂ ਦੀ ਕਦੇ ਸਾਰ ਨਹੀਂ ਲਈ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਕਦੇ ਕੋਈ ਲਾਭ ਮਿਲਿਆ ਹੈ।
ਉਸਨੇ ਦੱਸਿਆ ਕਿ ਉਸਦੇ ਬਾਪ ਬੰਬਾ ਰਾਮ ਦੀ ਵੀ ਕਦੇ ਵੋਟ ਨਹੀਂ ਬਣੀ, ਨਾ ਉਸਦੀ ਤੇ ਉਸਦੀ ਪਤਨੀ ਚੀਨੀ ਦੀ ਵੋਟ ਬਣੀ ਹੈ। ਉਸਦੇ ਦੋ ਪੁੱਤਰਾਂ ਲੂਣਾ ਰਾਮ ਤੇ ਗੋਪਾਲ ਦੀ ਵੋਟ ਵੀ ਨਹੀ ਅਤੇ ਨਾ ਹੀ ਉਨ੍ਹਾਂ ਦੀਆਂ ਘਰਵਾਲੀਆਂ ਦੀ। ਜਦੋਂ ਵੋਟਾਂ ਬਣਾਉਣ ਲਈ ਉਹ ਆਪਣੇ ਪਿੰਡ ਦੇ ਬੂਥ ਕੇਂਦਰ ‘ਚ ਗਏ ਤਾਂ ਉਥੇ ਮੋਜੂਦ ‘ਬੂਥ ਲੈਵਲ ਅਫਸਰ’ ਜਸਕਰਨ ਸਿੰਘ, ਗੁਰਦੇਵ ਸਿੰਘ ਤੇ ਦਲਜੀਤ ਸਿੰਘ ਹੋਰਾਂ ਨੇ ਇਹ ਕਹਿਕੇ ਉਨ੍ਹਾਂ ਦੀਆਂ ਵੋਟਾਂ ਬਣਾਉਣ ਤੋਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਕੋਲ ਪਿੰਡ ਵਿੱਚ ਕੋਈ ਘਰ ਨਹੀਂ ਹੈ।
ਪਿੰਡ ਦੇ ਸਰਪੰਚ ਗੁਰਲਾਲ ਸਿੰਘ ਵੱਲੋਂ ਲਿਖਤੀ ਰਿਹਾਇਸ਼ ਦਾ ਪ੍ਰਮਾਣ ਪੱਤਰ ਦੇਣ ਦੇ ਬਾਵਜੂਦ ਉਨ੍ਹਾਂ ਦੀਆਂ ਵੋਟਾਂ ਨਹੀਂ ਬਣੀਆਂ। ਹਾਲਾਂ ਕਿ ਉਨ੍ਹਾਂ ਕੋਲ ਪਿੰਡ ਦੀ ਰਿਹਾਇਸ਼ ਦੇ ਆਧਾਰ ਕਾਰਡ ਮੌਜੂਦ ਹਨ।
ਸਰਪੰਚ ਗੁਰਲਾਲ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਆਏ ਚੋਣ ਤਹਿਸੀਲਦਾਰ ਨੇ ਵੀ ਵੋਟਾਂ ਦੇ ਫਾਰਮ ਭਰਨ ਲਈ ਕਿਹਾ ਪਰ ਬੀ ਐਲ ਓ ਵੋਟਾਂ ਦੇ ਫਾਰਮ ਭਰਨ ਤੋਂ ਟਾਲ ਮਟੋਲ ਕਰਦੇ ਰਹੇ। ਇਹ ਕਹਾਣੀ ਇਕੱਲੇ ਲਾਲ ਚੰਦ ਦੀ ਨਹੀਂ ਸਗੋਂ ਲਾਲ ਚੰਦ ਵਰਗੇ ਕਈ ਹੋਰ ਪਰਿਵਾਰਾਂ ਦੀ ਹੈ ਜਿਹੜੀ ਵੋਟ ਬਣਾਉਣਾ ਚਾਹੁੰਦੇ ਹਨ ਪਰ ਸਿਸਟਮ ਵੋਟਾਂ ਬਣਾਉਣ ਤੋਂ ਟਾਲਾ ਵੱਟ ਰਿਹਾ ਹੈ।