ਡੈਕਸ: ਤੁਸੀਂ ਕਦੇ ਖੁਰਕ ਵਾਲੇ ਜੰਗਲ ਬਾਰੇ ਸੁਣਿਆ ਹੈ। ਨਹੀਂ! ਤਾਂ ਫਿਰ ਆਓ, ਤੁਹਾਨੂੰ ਦੱਸਦੇ ਹਾਂ ਅਜਿਹੇ ਜੰਗਲ ਬਾਰੇ ਜਿਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਲਿਹਾਜ਼ਾ ਕੋਈ ਇਸ ਅੰਦਰ ਨਹੀਂ ਜਾਂਦਾ। ਅੰਦਰ ਗਏ ਤਾਂ ਫਿਰ ਸਰੀਰ 'ਚ ਇੰਨੀ ਖੁਰਕ ਹੋਵੇਗੀ ਕਿ ਹੱਥਾਂ ਨੂੰ ਆਰਾਮ ਮਿਲਣਾ ਮੁਸ਼ਕਲ ਹੋ ਜਾਵੇਗਾ। ਇੱਥੇ ਗੱਲ ਹੋ ਰਹੀ ਹੈ ਬਸਤਰ ਦੇ ਕਾਂਗੇਰ ਵੈਲੀ 'ਚ ਤਕਰੀਬਨ 299 ਹੈਕਟੇਅਰ 'ਚ ਫ਼ੈਲੇ ਸੂਰਨ (ਜ਼ਿਮੀਕੰਦ) ਦੇ ਜੰਗਲ ਦੀ। ਸਥਾਨਕ ਪੇਂਡੂ ਲੋਕ ਇਸ ਨੂੰ ਖੁਰਕ ਵਾਲਾ ਜੰਗਲ ਕਹਿੰਦੇ ਹਨ।
ਇਸ ਦੇ ਅੰਦਰ ਜਾਣ ਦੀ ਲੋਕ ਸੋਚਦੇ ਵੀ ਨਹੀਂ। ਵੈਸੇ ਤਾਂ ਸੂਰਨ ਚਰਚਿਤ ਸਬਜ਼ੀ ਹੈ ਪਰ ਇੱਥੇ ਪਾਇਆ ਜਾਣ ਵਾਲਾ ਸੂਰਨ ਤਾਂ ਬੱਸ ਤੌਬਾ ਹੈ। ਇੱਥੇ ਦਾ ਸੂਰਨ ਭੁੱਲ ਕੇ ਵੀ ਰਸੋਈ 'ਚ ਨਹੀਂ ਪੁੱਜਦਾ। ਅਤਿ ਅਧਿਕ ਖਾਰਸ਼ ਪੈਦਾ ਕਰਨ ਕਾਰਨ ਲੋਕ ਇਸ ਦੀ ਵਰਤੋਂ ਸਬਜ਼ੀ 'ਚ ਨਹੀਂ ਸਗੋਂ ਦਵਾਈ ਦੇ ਰੂਪ 'ਚ ਕਰਦੇ ਹਨ। ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਨਾਨਗੂਰ-ਨੇਤਾਨਾਰ ਚੌਕ ਕੋਲ ਜਗਦਲਪੁਰ ਜੰਗਲੀ ਖੇਤਰ ਅਧੀਨ ਕਾਂਗੇਰ ਸੁਰੱਖਿਅਤ ਵਣ ਮੰਡਲ 'ਚ ਯਮਵਾਰ 1773 ਤੇ 1774 'ਚ ਕਰੀਬ 299 ਹੈਕਟੇਅਰ 'ਚ ਇਹ ਜੰਗਲ ਫ਼ੈਲਿਆ ਹੈ। ਇਹ ਸੂਰਨ ਦੇ ਪੌਦਿਆਂ ਨਾਲ ਭਰਿਆ ਹੋਇਆ ਹੈ। ਇੱਥੋਂ ਦੇ ਸੂਰਨ ਦੇ ਪੌਦੇ ਇੱਕ ਤੋਂ ਸੱਤ ਫੁੱਟ ਤਕ ਉੱਚੇ ਹਨ।
ਦੱਸਿਆ ਜਾਂਦਾ ਹੈ ਕਿ ਇਸ ਦੇ ਪੱਤੇ ਤੇ ਤਣੇ ਵਿੱਚ ਬਾਰੀਕ ਰੇਸ਼ੇ ਹੁੰਦੇ ਹਨ ਜੋ ਸਰੀਰ ਦੇ ਸੰਪਰਕ 'ਚ ਆਉਂਦੇ ਹੀ ਇੰਨੀ ਖਾਰਸ਼ ਪੈਦਾ ਕਰ ਦਿੰਦੇ ਹਨ ਕਿ ਪੀੜਤ ਵਿਅਕਤੀ ਬੇਚੈਨ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਾਨਵਰ ਚਰਾਉਣ ਵਾਲੇ ਵੀ ਇਸ ਜੰਗਲ ਦੀ ਵਰਤੋਂ ਨਹੀਂ ਕਰਦੇ। ਇਸ ਨੂੰ ਲੈ ਕੇ ਬੱਚਿਆਂ ਨੂੰ ਖ਼ਾਸ ਹਦਾਇਤ ਦਿੱਤੀ ਜਾਂਦੀ ਹੈ।
ਆਯੁਰਵੇਦ ਡਾਕਟਰ ਕੇ.ਕੇ. ਸ਼ੁਕਲਾ ਦੱਸਦੇ ਹਨ ਕਿ ਸੂਰਨ ਨੂੰ ਆਮ ਤੌਰ 'ਤੇ ਜ਼ਿਮੀਕੰਦ ਕਹਿੰਦੇ ਹਨ। ਇਸ ਦਾ ਅੰਗਰੇਜ਼ੀ ਨਾਂ ਵਾਈਲਡ ਯੋਮ ਹੈ। ਸਬਜ਼ੀ ਤੇ ਦਵਾਈ ਦੇ ਰੂਪ ਵਿੱਚ ਇਸ ਦੀ ਵਰਤੋਂ ਹੁੰਦੀ ਹੈ। ਇਸ ਵਿੱਚੋਂ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਲੋਹ ਤੱਤ, ਵਿਟਾਮਿਨ ਏ ਤੇ ਬੀ ਪ੍ਰਾਪਤ ਹੁੰਦਾ ਹੈ। ਸੂਰਨ ਦੀ ਵਰਤੋਂ ਨਾਲ ਸਾਹ ਰੋਗ, ਖਾਂਸੀ, ਆਮਵਾਤ, ਬਵਾਸੀਰ, ਅੰਤੜੀਆਂ ਦੇ ਦਰਦ ਤੇ ਹੋਰ ਕਈ ਬਿਮਾਰੀਆਂ ਨਾਲ ਸਰੀਰ ਨੂੰ ਹੋਣ ਵਾਲੀ ਕਮਜ਼ੋਰੀ ਦੂਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਜੰਗਲ 'ਚ ਪਾਏ ਜਾਣ ਵਾਲੇ ਸੂਰਨ 'ਚ ਓਕਸੇਲੇਟ ਐਸਿਡ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਇਹ ਅਤਿ ਅਧਿਕ ਖਾਰਸ਼ ਪੈਦਾ ਕਰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin