Air Pollution: ਰੱਜ ਕੇ ਵਾਤਾਵਰਨ ਪਲੀਤ ਕਰ ਰਹੇ ਨੇ CNG ਵਾਹਨ ! ਨਹੀਂ ਯਕੀਨ ਤਾਂ ਇਹ ਰਿਪੋਰਟ ਖੋਲ੍ਹ ਦੇਵੇਗੀ ਅੱਖਾਂ
CNG Vehicles: ਇਸ ਅਧਿਐਨ ਵਿੱਚ ਵਾਹਨਾਂ ਦੇ ਨਿਕਾਸ ਨੂੰ ਮਾਪਣ ਲਈ ਰਿਮੋਟ ਸੈਂਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵਾਹਨ ਅਸਲ ਵਿੱਚ ਕਿੰਨੀ ਨਿਕਾਸੀ ਕਰ ਰਹੇ ਹਨ।
CNG Vehicles: ਹਵਾ ਦੀ ਖ਼ਰਾਬ ਗੁਣਵੱਤਾ ਦਾ ਮੁੱਖ ਕਾਰਕ ਆਵਾਜਾਈ ਨੂੰ ਮੰਨਿਆ ਜਾਂਦਾ ਹੈ। ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਹਰ ਰੋਜ਼ ਨਵੇਂ-ਨਵੇਂ ਉਪਰਾਲੇ ਕਰਦੀ ਨਜ਼ਰ ਆ ਰਹੀ ਹੈ ਪਰ ਇਸ ਦੇ ਬਾਵਜੂਦ ਹਵਾ ਪ੍ਰਦੂਸ਼ਣ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਸੀਐਨਜੀ ਯਾਨੀ ਕੰਪਰੈੱਸਡ ਨੈਚੁਰਲ ਗੈਸ ਵਾਹਨ ਘੱਟ ਪ੍ਰਦੂਸ਼ਣ ਛੱਡਦੇ ਹਨ, ਪਰ ਇੱਕ ਨਵੇਂ ਅਧਿਐਨ ਵਿੱਚ ਜੋ ਖ਼ੁਲਾਸਾ ਹੋਇਆ ਹੈ ਉਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ।
ਇੰਟਰਨੈਸ਼ਨਲ ਕੌਂਸਲ ਆਨ ਕਲੀਨ ਟਰਾਂਸਪੋਰਟੇਸ਼ਨ (ICCT) ਦੇ ਅਧਿਐਨ ਅਨੁਸਾਰ, ਸੀਐਨਜੀ ਵਾਹਨ ਤੁਹਾਡੇ ਸੋਚਣ ਨਾਲੋਂ ਵੱਧ ਪ੍ਰਦੂਸ਼ਣ ਪੈਦਾ ਕਰ ਰਹੇ ਹਨ। ਅਧਿਐਨ ਦਰਸਾਉਂਦਾ ਹੈ ਕਿ ਪੀਯੂਸੀ ਟੈਸਟਿੰਗ ਪਾਸ ਕਰਨ ਦੇ ਬਾਵਜੂਦ, ਬਹੁਤ ਸਾਰੇ ਵਾਹਨ ਅਜੇ ਵੀ ਆਪਣੇ ਨਿਕਾਸੀ ਮਾਪਦੰਡਾਂ ਤੋਂ ਵੱਧ ਪ੍ਰਦੂਸ਼ਣ ਪੈਦਾ ਕਰ ਰਹੇ ਹਨ। ਦਿੱਲੀ-ਐਨਸੀਆਰ ਦੇ ਖੇਤਰ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਤੇ ਸੜਕਾਂ 'ਤੇ ਵਾਹਨਾਂ ਦੀ ਲਗਾਤਾਰ ਵਧਦੀ ਗਿਣਤੀ, ਖ਼ਾਸ ਕਰਕੇ ਸਰਦੀਆਂ ਵਿੱਚ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ।
ਇਸ ਅਧਿਐਨ ਵਿੱਚ ਵਾਹਨਾਂ ਦੇ ਨਿਕਾਸ ਨੂੰ ਮਾਪਣ ਲਈ ਰਿਮੋਟ ਸੈਂਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵਾਹਨ ਅਸਲ ਵਿੱਚ ਕਿੰਨੀ ਨਿਕਾਸੀ ਕਰ ਰਹੇ ਹਨ। ਅਧਿਐਨ ਦੇ ਅਨੁਸਾਰ, ਸੜਕ 'ਤੇ ਵਾਹਨਾਂ ਤੋਂ ਨਿਕਲਣ ਵਾਲੀ ਨਿਕਾਸੀ ਲੈਬ ਟੈਸਟਾਂ ਵਿੱਚ ਦਰਜ ਕੀਤੇ ਗਏ ਨਿਕਾਸ ਨਾਲੋਂ ਕਿਤੇ ਵੱਧ ਹੈ। CNG ਵਾਹਨਾਂ ਦੀ ਵਰਤੋਂ ਬਿਹਤਰ ਮਾਈਲੇਜ ਲਈ ਕੀਤੀ ਜਾਂਦੀ ਹੈ। ਸ਼ੁਰੂਆਤੀ ਦਿਨਾਂ ਵਿੱਚ ਸੀਐਨਜੀ ਦੀ ਕੀਮਤ ਪੈਟਰੋਲ ਤੇ ਡੀਜ਼ਲ ਦੇ ਮੁਕਾਬਲੇ ਲਗਭਗ ਅੱਧੀ ਸੀ, ਪਰ ਹੁਣ ਸਮੇਂ ਦੇ ਨਾਲ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸੀਐਨਜੀ ਵਾਹਨ ਉੱਚ ਪੱਧਰੀ ਨਾਈਟ੍ਰੋਜਨ ਆਕਸਾਈਡ (NOx) ਦਾ ਨਿਕਾਸ ਕਰ ਰਹੇ ਹਨ। ਹੁਣ ਤੱਕ ਸੀਐਨਜੀ ਵਾਹਨਾਂ ਨੂੰ ਸਭ ਤੋਂ ਸਾਫ਼ ਬਾਲਣ ਵਜੋਂ ਦੇਖਿਆ ਜਾਂਦਾ ਸੀ, ਪਰ ਹੁਣ ਇਸ ਨਵੇਂ ਅਧਿਐਨ ਨੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਹੈ। ਬੀਐਸ-6 ਸੀਐਨਜੀ ਟੈਕਸੀਆਂ ਅਤੇ ਹਲਕੇ ਮਾਲ ਵਾਹਨ ਨਿੱਜੀ ਵਾਹਨਾਂ ਦੇ ਮੁਕਾਬਲੇ ਕ੍ਰਮਵਾਰ 2.4 ਅਤੇ 5 ਗੁਣਾ ਜ਼ਿਆਦਾ ਨਾਈਟ੍ਰੋਜਨ ਆਕਸਾਈਡ ਛੱਡ ਰਹੇ ਹਨ।