ਕੇਂਦਰ ਸਰਕਾਰ ਨੇ ਐਮਜ਼ੋਨ ਨੂੰ ਭੇਜਿਆ ਨੋਟਿਸ, ਇਸ ਕਾਰ ਪ੍ਰੋਡਕਟ ਦੀ ਵਿਕਰੀ 'ਤੇ ਪਾਬੰਦੀ ਲਾਉਣ ਦਾ ਦਿੱਤਾ ਹੁਕਮ
ਸਰਕਾਰ ਨੇ ਸਾਰੇ ਈ-ਕਾਮਰਸ ਪਲੇਟਫਾਰਮਾਂ ਨੂੰ ਅਜਿਹੇ ਉਪਕਰਨਾਂ ਦੀ ਵਿਕਰੀ ਬੰਦ ਕਰਨ ਲਈ ਕਿਹਾ ਹੈ ਜੋ ਸੀਟ ਬੈਲਟ ਅਲਾਰਮ ਨੂੰ ਬੰਦ ਕਰਦੇ ਹਨ ਕਿਉਂਕਿ ਇਹ ਯਾਤਰੀਆਂ ਲਈ ਖ਼ਤਰਾ ਹੈ।
Notice to Amazon: ਸਾਇਰਸ ਮਿਸਤਰੀ (Cyrus Mistry) ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਸਰਕਾਰ ਸੜਕ 'ਤੇ ਸਵਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਹੋਰ ਸਖ਼ਤ ਹੋ ਗਈ ਹੈ। ਕੇਂਦਰ ਹੁਣ ਉਨ੍ਹਾਂ ਸਾਰੇ ਕਾਰਨਾਂ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਕਾਰਨ ਲੋਕ ਸੁਰੱਖਿਆ ਉਪਾਵਾਂ ਤੋਂ ਬਚਦੇ ਹਨ ਅਤੇ ਅਣਜਾਣੇ ਵਿੱਚ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ। ਇਸੇ ਸਿਲਸਿਲੇ 'ਚ ਕੇਂਦਰ ਸਰਕਾਰ ਨੇ ਐਮਜ਼ੌਨ ਨੂੰ ਉਨ੍ਹਾਂ ਡਿਵਾਈਸਾਂ ਦੀ ਵਿਕਰੀ ਬੰਦ ਕਰਨ ਲਈ ਕਿਹਾ ਹੈ ਜੋ ਸੀਟ ਬੈਲਟ ਨਾ ਪਹਿਨਣ 'ਤੇ ਵੱਜਣ ਵਾਲੇ ਅਲਾਰਮ ਨੂੰ ਬੰਦ ਕਰਦੇ ਹਨ।
ਕੇਂਦਰੀ ਮੰਤਰੀ ਨੇ ਰਾਇਟਰਜ਼ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਮੁਤਾਬਕ ਇਹ ਯੰਤਰ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਰਾਇਟਰਜ਼ ਨਾਲ ਗੱਲਬਾਤ ਕਰਦਿਆਂ ਗਡਕਰੀ ਨੇ ਕਿਹਾ ਕਿ ਐਮਜ਼ੌਨ 'ਤੇ ਪਾਈ ਗਈ ਮੈਟਲ ਕਲਿੱਪ ਕਾਰ ਦੀ ਸੀਟ ਬੈਲਟ ਦੇ ਸਰਕਟ ਨੂੰ ਪੂਰਾ ਕਰਦੀ ਹੈ, ਜਿਸ ਨਾਲ ਅਲਾਰਮ ਵੱਜਣਾ ਬੰਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਮਜ਼ੌਨ ਨੂੰ ਨੋਟਿਸ ਭੇਜ ਕੇ ਇਸ ਡਿਵਾਈਸ ਦੀ ਵਿਕਰੀ ਰੋਕਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਪੀਟੀਆਈ ਨੇ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸੜਕ ਆਵਾਜਾਈ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅਜਿਹੇ ਸਾਰੇ ਯੰਤਰਾਂ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਹੈ ਜੋ ਸੀਟ ਬੈਲਟ ਅਲਾਰਮ ਨੂੰ ਅਯੋਗ ਕਰਨ ਲਈ ਤਿਆਰ ਕੀਤੇ ਗਏ ਹਨ। ਹਾਲਾਂਕਿ ਅਜਿਹੇ ਯੰਤਰ ਦੀ ਵਿਕਰੀ ਗੈਰ-ਕਾਨੂੰਨੀ ਨਹੀਂ ਹੈ।