ਲੌਕਡਾਊਨ ‘ਚ ਇੰਝ ਕਰੋ ਆਪਣੀ ਕਾਰ ਦੀ ਦੇਖਭਾਲ
ਤੁਹਾਡੀ ਕਾਰ ਦਾ ਇੰਜਣ ਚੂਹਿਆਂ ਲਈ ਆਰਾਮਦਾਇਕ ਥਾਂ ਸਾਬਤ ਹੋ ਸਕਦੀ ਹੈ। ਜੇਕਰ ਚੂਹੇ ਉੱਥੇ ਰਹਿਣ ਲੱਗਣ ਤਾਂ ਵਾਇਰਿੰਗ ਨੂੰ ਕੁਤਰ ਸਕਦੇ ਹਨ ਜਿਸ ਨਾਲ ਕਾਰ ਦਾ ਸਾਰਾ ਇਲੈਕਟ੍ਰਿਕ ਸਿਸਟਮ ਖ਼ਰਾਬ ਹੋ ਸਕਦਾ ਹੈ।

ਸੋਮਨਾਥ ਚੈਟਰਜੀ
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਮਹੀਨੇ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਤਾਲਾਬੰਦੀ ਜਾਰੀ ਹੈ। ਇਸ ਦੌਰਾਨ ਸਾਰੇ ਆਪੋ-ਆਪਣੇ ਘਰਾਂ ਵਿੱਚ ਰਹਿ ਰਹੇ ਹਨ ਤੇ ਕਾਰਾਂ ਵੀ ਬੇਕਾਰ ਹੋ ਰਹੀਆਂ ਹਨ। ਹੋਰ ਤਾਂ ਹੋਰ ਖੜ੍ਹੀਆਂ ਗੱਡੀਆਂ ਨੂੰ ਚੂਹੇ ਜਾਂ ਹੋਰ ਜੀਵ-ਜੰਤੂ ਨੁਕਸਾਨ ਪਹੁੰਚਾ ਰਹੇ ਹਨ। ਆਓ ਤੁਹਾਨੂੰ ਇਸ ਨੁਕਸਾਨ ਤੋਂ ਬਚਣ ਦੇ ਕੁਝ ਸੁਝਾਅ ਦੱਸਦੇ ਹਾਂ-
ਚੂਹਿਆਂ ਨੂੰ ਗਰਮਾਹਟ ਵਾਲੀ ਥਾਂ ਪਸੰਦ ਹੁੰਦੀ ਹੈ। ਤੁਹਾਡੀ ਕਾਰ ਦਾ ਇੰਜਣ ਚੂਹਿਆਂ ਲਈ ਆਰਾਮਦਾਇਕ ਥਾਂ ਸਾਬਤ ਹੋ ਸਕਦੀ ਹੈ। ਜੇਕਰ ਚੂਹੇ ਉੱਥੇ ਰਹਿਣ ਲੱਗਣ ਤਾਂ ਵਾਇਰਿੰਗ ਨੂੰ ਕੁਤਰ ਸਕਦੇ ਹਨ ਜਿਸ ਨਾਲ ਕਾਰ ਦਾ ਸਾਰਾ ਇਲੈਕਟ੍ਰਿਕ ਸਿਸਟਮ ਖ਼ਰਾਬ ਹੋ ਸਕਦਾ ਹੈ। ਇੱਥੋਂ ਹੀ ਚੂਹੇ ਕਾਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ ਤੇ ਜੇਕਰ ਅਜਿਹਾ ਕਰਨ ਵਿੱਚ ਉਹ ਸਫਲ ਹੋ ਜਾਂਦੇ ਹਨ ਤਾਂ ਤੁਹਾਡੀ ਕਾਰ ਦੀਆਂ ਸੀਟਾਂ ਤੋਂ ਲੈ ਕੇ ਛੱਤ ਤੇ ਹੋਰ ਥਾਵਾਂ ਨੂੰ ਕੁਤਰ-ਕੁਤਰ ਕੇ ਕਬਾੜ ਬਣਾ ਸਕਦੇ ਹਨ।
ਜੇਕਰ ਤੁਹਾਨੂੰ ਕਾਰ ਵਿੱਚ ਚੂਹੇ ਹੋਣ ਦਾ ਸੰਕੇਤ ਯਾਨੀ ਕੋਈ ਖੜਕਾ ਜਾਂ ਕੁਤਰੀ ਹੋਈ ਤਾਰ ਜਾਂ ਇੰਟੀਰੀਅਰ ਦਾ ਕੋਈ ਟੁਕੜਾ ਮਿਲੇ ਤਾਂ ਤੁਰੰਤ ਚੌਕਸ ਹੋ ਜਾਓ। ਸਭ ਤੋਂ ਪਹਿਲਾਂ ਕਾਰ ਨੂੰ ਚੰਗੀ ਰੌਸ਼ਨੀ ਵਾਲੀ ਥਾਂ ਵਿੱਚ ਪਾਰਕ ਕਰੋ ਤੇ ਫਿਰ ਕਾਰ ਦਾ ਬੋਨਟ ਚੁੱਕ ਕੇ ਇੰਜਣ ਤੇ ਇਸ ਦੇ ਆਲੇ-ਦੁਆਲੇ ਚੋਗਾ ਫਸਾ ਕੇ ਚੂਹੇ ਫੜਨ ਵਾਲੀਆਂ ਕੁੜਿੱਕੀਆਂ ਲਾਓ।
ਜੇਕਰ ਕਾਰ ਦੇ ਅੰਦਰ ਚੂਹਾ ਹੋਣ ਦਾ ਸੰਕੇਤ ਮਿਲੇ ਤਾਂ ਕੁੜਿੱਕੀ ਅੰਦਰ ਵੀ ਜ਼ਰੂਰ ਲਾਓ। ਚੂਹੇ ਨੂੰ ਫੜਨ ਲਈ ਕੁੜਿੱਕੀ ਤੋਂ ਇਲਾਵਾ ਜ਼ਹਿਰੀਲੀ ਦਵਾਈ ਦੀ ਵਰਤੋਂ ਨਾ ਕਰੋ ਕਿਉਂਕਿ ਕਈ ਵਾਰ ਚੂਹੇ ਕਾਰ ਵਿੱਚ ਡੂੰਘੀ ਥਾਂ ਜਾ ਲੁਕ ਸਕਦੇ ਹਨ ਤੇ ਜ਼ਹਿਰ ਕਾਰਨ ਉਨ੍ਹਾਂ ਦੀ ਉੱਥੇ ਹੀ ਮੌਤ ਹੋ ਸਕਦੀ ਹੈ। ਬਾਅਦ ਵਿੱਚ ਉਸ ਵਿੱਚੋਂ ਬਦਬੋ ਵੀ ਮਾਰੇਗੀ ਤੇ ਤੁਹਾਨੂੰ ਮਰਿਆ ਚੂਹਾ ਲੱਭਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ।
ਇਸ ਸਿਰਦਰਦੀ ਤੋਂ ਬਚਣ ਲਈ ਆਪਣੀ ਕਾਰ ਨੂੰ ਪਾਰਕਿੰਗ ਸਾਫ ਥਾਂ ਕਰੋ। ਘਰ ਤੋਂ ਬਾਹਰ ਕਾਰ ਖੜ੍ਹੀ ਕਰਨ ਵੇਲੇ ਧਿਆਨ ਰੱਖੋ ਕਿ ਨਾਲੀ ਜਾਂ ਸੀਵਰੇਜ ਦੇ ਢੱਕਣ ਤੋਂ ਕਾਰ ਦੂਰ ਰੱਖੋ। ਬੰਦ ਕਾਰ ਵਿੱਚ ਖਾਣ-ਪੀਣ ਦਾ ਸਮਾਨ ਨਾ ਛੱਡੋ ਤਾਂ ਜੋ ਚੂਹੇ ਇਸ ਦੀ ਸੁਗੰਧ ਵੱਲ ਆਕਰਸ਼ਿਤ ਨਾ ਹੋਣ। ਕਾਰ ਨੂੰ ਰੋਜ਼ਾਨਾ ਵਾਂਗ ਸਟਾਰਟ ਕਰਦੇ ਰਹੋ ਤੇ ਇੰਜਣ ਦੀ ਜਾਂਚ ਵੀ ਕਰਦੇ ਰਹੋ।






















