Royal Enfield ਨੇ ਆਪਣੇ ਦੋ ਮੋਟਰਸਾਈਕਲਾਂ ਦੀਆਂ ਘਟਾਈਆਂ ਕੀਮਤਾਂ, ਸਸਤੇ 'ਚ ਖਰੀਦਣ ਦਾ ਮੌਕਾ!
ਦੁਨੀਆ ਭਰ ਦੀਆਂ ਆਟੋ ਕੰਪਨੀਆਂ ਸੈਮੀਕੰਡਕਟਰ ਚਿੱਪ ਦੀ ਕਮੀ ਦਾ ਅਸਰ ਦੇਖ ਰਹੀਆਂ ਹਨ। ਸੈਮੀਕੰਡਕਟਰ ਚਿੱਪ ਦੀ ਕਮੀ ਕਾਰਨ ਰਾਇਲ ਐਨਫੀਲਡ ਨੇ ਆਪਣੀ ਬਾਈਕ ਤੋਂ ਇਕ ਖਾਸ ਫੀਚਰ ਹਟਾ ਦਿੱਤਾ ਹੈ।
Royal Enfield : ਪੂਰੀ ਦੁਨੀਆਂ 'ਚ ਸੈਮੀਕੰਡਕਟਰ ਚਿਪਸ ਦੀ ਕਮੀ ਚੱਲ ਰਹੀ ਹੈ। ਇਸ ਸਮੱਸਿਆ ਤੋਂ ਕਈ ਆਟੋ ਕੰਪਨੀਆਂ ਪ੍ਰੇਸ਼ਾਨ ਹਨ। ਰਾਇਲ ਐਨਫੀਲਡ, ਜਿਸ ਨੂੰ ਭਾਰਤ 'ਚ ਮਾਣ ਦੀ ਸਵਾਰੀ ਮੰਨਿਆ ਜਾਂਦਾ ਹੈ, 'ਤੇ ਵੀ ਸੈਮੀਕੰਡਕਟਰ ਚਿੱਪ ਦੀ ਕਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਰਾਇਲ ਐਨਫੀਲਡ ਨੇ ਆਪਣੇ ਦੋ ਪ੍ਰੋਡਕਟਸ ਹਿਮਾਲੀਅਨ ਏਡੀਵੀ ਤੇ ਮੇਟੋਰ 350 ਤੋਂ 'ਟ੍ਰਿਪਰ ਨੇਵੀਗੇਸ਼ਨ' ਫੀਚਰ ਨੂੰ ਹਟਾ ਦਿੱਤਾ ਹੈ। ਹੁਣ ਰਾਇਲ ਐਨਫੀਲਡ ਬਾਈਕ 'ਚ 'ਟ੍ਰਿਪਰ ਨੇਵੀਗੇਸ਼ਨ' ਫੀਚਰ ਨੂੰ ਆਪਸ਼ਨ ਦੇ ਤੌਰ 'ਤੇ ਉਪਲੱਬਧ ਕਰਵਾਏਗੀ। ਇਹ ਬਦਲਾਅ 1 ਮਈ ਤੋਂ ਲਾਗੂ ਹੋ ਗਿਆ ਹੈ।
ਬਾਈਕ ਦੀ ਕੀਮਤ ਹੋਈ ਘੱਟ
'ਟ੍ਰਿਪਰ ਨੈਵੀਗੇਸ਼ਨ' ਫੀਚਰ ਨੂੰ ਹਟਾਉਣ ਤੋਂ ਬਾਅਦ ਰਾਇਲ ਐਨਫੀਲਡ ਨੇ ਆਪਣੀਆਂ ਦੋਵੇਂ ਬਾਈਕਸ - ਹਿਮਾਲੀਅਨ ਏਡੀਵੀ ਤੇ ਮੇਟੋਰ 350 ਦੀ ਕੀਮਤ 'ਚ 5000 ਰੁਪਏ ਦੀ ਕਟੌਤੀ ਕੀਤੀ ਹੈ। ਇਨ੍ਹਾਂ ਦੋਵਾਂ ਬਾਈਕਸ 'ਚ ਟ੍ਰਿਪਰ ਨੇਵੀਗੇਸ਼ਨ ਫੀਚਰ ਸਟੈਂਡਰਡ ਕਿੱਟ ਦਾ ਹਿੱਸਾ ਸੀ।
ਰਾਇਲ ਐਨਫੀਲਡ ਨੇ ਇਸ ਫੀਚਰ ਨੂੰ ਕਲਾਸਿਕ 350 ਤੇ ਸਕ੍ਰੈਮ 411 'ਤੇ ਆਪਸ਼ਨਲ ਐਕਸੈਸਰੀ ਵਜੋਂ ਆਫ਼ਰ ਕੀਤਾ ਹੈ। ਖ਼ਬਰਾਂ ਮੁਤਾਬਕ ਕੰਪਨੀ ਨੇ ਆਪਣੀਆਂ ਸਾਰੀਆਂ ਬਾਈਕਸ ਦੀ ਬੁਕਿੰਗ ਅਮਾਊਂਟ ਵਧਾ ਦਿੱਤੀ ਹੈ। ਕੰਪਨੀ ਨੇ ਹੁਣ ਬੁਕਿੰਗ ਦੀ ਰਕਮ 10 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਹੈ।
ਸੈਮੀਕੰਡਕਟਰ ਚਿੱਪ ਨਾ ਹੋਣ ਕਾਰਨ ਹੀਰੋ ਨੂੰ ਵੀ ਝਟਕਾ ਲੱਗਾ
ਹੀਰੋ ਇਲੈਕਟ੍ਰਿਕ ਨੇ ਕਿਹਾ ਕਿ ਉਨ੍ਹਾਂ ਨੇ ਅਪ੍ਰੈਲ 'ਚ ਡੀਲਰਾਂ ਨੂੰ ਜ਼ੀਰੋ ਡਿਸਪੈਚ ਕੀਤਾ ਹੈ। ਇਸ ਦਾ ਕਾਰਨ ਕੰਪਨੀ ਨੇ ਦੁਨੀਆਂ ਭਰ 'ਚ ਚੱਲ ਰਹੇ ਸੈਮੀਕੰਡਕਟਰ ਚਿੱਪ ਦੀ ਕਮੀ ਨੂੰ ਦੱਸਿਆ ਹੈ। ਕੰਪਨੀ ਨੇ ਕਿਹਾ ਕਿ ਆਟੋਮੋਟਿਵ ਇੰਡਸਟਰੀ ਅਜੇ ਵੀ ਕੌਮਾਂਤਰੀ ਪੱਧਰ 'ਤੇ ਚਿੱਪ ਦੀ ਕਮੀ ਨਾਲ ਜੂਝ ਰਹੀ ਹੈ। ਹੀਰੋ ਇਲੈਕਟ੍ਰਿਕ ਨੂੰ ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੀਤੇ ਦਿਨਾਂ 'ਚ ਲਗਪਗ ਸਾਰੇ ਵਾਹਨ ਨਿਰਮਾਤਾਵਾਂ ਨੇ ਇਸ ਗੱਲ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਹੈ ਕਿ ਉਹ ਸੈਮੀਕੰਡਕਟਰ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਉਤਪਾਦਨ ਪ੍ਰਭਾਵਿਤ ਹੋਇਆ ਹੈ।