India To Import Wheat: ਕਣਕ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਚੋਣ ਵਰ੍ਹੇ ਵਿੱਚ ਮੋਦੀ ਸਰਕਾਰ ਦੀ ਸਿਰਦਰਦੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਨਸੂਨ ਸੀਜ਼ਨ ਵਿੱਚ ਕਈ ਰਾਜਾਂ ਵਿੱਚ ਘੱਟ ਬਾਰਸ਼ ਹੋਣ ਕਾਰਨ ਵਾਹੀਯੋਗ ਜ਼ਮੀਨਾਂ ਵਿੱਚ ਨਮੀ ਦੀ ਕਮੀ ਹੋਣ ਦਾ ਖਦਸ਼ਾ ਹੈ। ਇਸ ਕਾਰਨ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਵਿੱਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ ਕਣਕ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਰੁਕਣ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ। ਘਰੇਲੂ ਮੰਡੀ 'ਚ ਕਣਕ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ 15 ਸਾਲਾਂ ਬਾਅਦ ਭਾਰਤ ਸਰਕਾਰ ਦਰਾਮਦ ਦਾ ਸਹਾਰਾ ਲੈਣ 'ਤੇ ਵਿਚਾਰ ਕਰ ਰਹੀ ਹੈ।


ਹੁਣ ਰੂਸ ਤੋਂ ਕਣਕ ਦੀ ਦਰਾਮਦ!
ਘਰੇਲੂ ਤੋਂ ਲੈ ਕੇ ਅੰਤਰਰਾਸ਼ਟਰੀ ਮੰਡੀਆਂ ਵਿੱਚ ਕਣਕ ਦੀਆਂ ਕੀਮਤਾਂ ਵਧਣ ਤੋਂ ਬਾਅਦ ਕੇਂਦਰ ਸਰਕਾਰ ਸਪਲਾਈ ਵਧਾ ਕੇ ਕੀਮਤਾਂ 'ਤੇ ਲਗਾਮ ਲਾਉਣ ਲਈ ਰੂਸ ਤੋਂ ਸਸਤੇ ਭਾਅ 'ਤੇ ਕਣਕ ਦਰਾਮਦ ਕਰਨ 'ਤੇ ਵਿਚਾਰ ਕਰ ਰਹੀ ਹੈ। ਭਾਰਤ ਨੇ ਇਸ ਲਈ ਰੂਸ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਰੂਸ ਤੋਂ ਕਣਕ ਦੀ ਦਰਾਮਦ ਕੀਮਤਾਂ ਵਿੱਚ ਨਰਮੀ ਲਿਆਉਣ ਵਿੱਚ ਮਦਦ ਕਰੇਗੀ।



2 ਮਹੀਨਿਆਂ 'ਚ 10% ਵਧੀ ਕੀਮਤ
ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਉੱਚ ਪੱਧਰ 7.44 ਫੀਸਦੀ 'ਤੇ ਪਹੁੰਚ ਗਈ ਹੈ, ਜਦੋਂਕਿ ਖੁਰਾਕੀ ਮਹਿੰਗਾਈ 2022 ਤੋਂ ਬਾਅਦ ਸਭ ਤੋਂ ਉੱਚੇ ਪੱਧਰ 11.51 ਫੀਸਦੀ 'ਤੇ ਪਹੁੰਚ ਗਈ ਹੈ। ਸਬਜ਼ੀਆਂ ਤੋਂ ਇਲਾਵਾ ਕਣਕ ਨੇ ਵੀ ਖੁਰਾਕੀ ਮਹਿੰਗਾਈ ਵਿੱਚ ਵਾਧਾ ਕੀਤਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਥੋਕ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਹ ਸੱਤ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਹੈ। 


ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਰਾਇਟਰਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੋਵਾਂ ਸਰਕਾਰਾਂ ਦਰਮਿਆਨ ਨਿੱਜੀ ਵਪਾਰ ਤੇ ਆਪਸੀ ਸੌਦਿਆਂ ਰਾਹੀਂ ਰੂਸ ਤੋਂ ਕਣਕ ਦੀ ਦਰਾਮਦ ਦੀਆਂ ਸੰਭਾਵਨਾਵਾਂ ਦਾ ਪਤਾ ਲਾ ਰਹੀ ਹੈ। ਭਾਰਤ ਸਰਕਾਰ ਨੇ ਕਈ ਸਾਲਾਂ ਤੋਂ ਕਣਕ ਦੀ ਦਰਾਮਦ ਨਹੀਂ ਕੀਤੀ। ਸਾਲ 2017 ਵਿੱਚ 5.3 ਮੀਟ੍ਰਿਕ ਟਨ ਕਣਕ ਪ੍ਰਾਈਵੇਟ ਵਪਾਰੀਆਂ ਰਾਹੀਂ ਦਰਾਮਦ ਕੀਤੀ ਗਈ ਸੀ।


ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਅਲਰਟ
ਇਸ ਸਾਲ ਦੇ ਅੰਤ ਵਿੱਚ ਕਈ ਵੱਡੇ ਰਾਜਾਂ ਵਿੱਚ ਵਿਧਾਨ ਸਭਾਵਾਂ ਹੋਣੀਆਂ ਹਨ ਤੇ ਅਗਲੇ ਸਾਲ ਅਪ੍ਰੈਲ 2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਚੋਣ ਵਰ੍ਹਾ ਹੋਣ ਕਾਰਨ ਸਰਕਾਰ ਕਣਕ ਦੀਆਂ ਕੀਮਤਾਂ ਵਧਣ ਦਾ ਖਤਰਾ ਨਹੀਂ ਉਠਾ ਸਕਦੀ ਕਿਉਂਕਿ ਇਸ ਨਾਲ ਰੋਟੀ ਮਹਿੰਗੀ ਹੋ ਸਕਦੀ ਹੈ। ਇਸੇ ਲਈ ਕਣਕ ਦਰਾਮਦ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਇਸ 'ਤੇ ਕੋਈ ਫੈਸਲਾ ਨਹੀਂ ਹੋਇਆ। ਪਿਛਲੇ ਮਹੀਨੇ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਰੂਸ ਤੋਂ ਕਣਕ ਦਰਾਮਦ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਸੀ।



ਰਿਆਇਤ 'ਤੇ ਕਣਕ ਖਰੀਦਣ ਦੀ ਸਕੀਮ
ਤਿਉਹਾਰੀ ਸੀਜ਼ਨ ਤੋਂ ਲੈ ਕੇ ਚੋਣਾਂ ਤੱਕ ਘਰੇਲੂ ਬਾਜ਼ਾਰ 'ਚ ਕਣਕ ਦੀਆਂ ਕੀਮਤਾਂ ਨੂੰ ਘੱਟ ਰੱਖਣ 'ਚ ਮਦਦ ਲਈ ਭਾਰਤ ਰੂਸ ਤੋਂ 8 ਤੋਂ 9 ਮਿਲੀਅਨ ਮੀਟ੍ਰਿਕ ਟਨ ਕਣਕ ਦੀ ਦਰਾਮਦ ਕਰ ਸਕਦਾ ਹੈ। ਰੂਸ ਨੇ ਛੋਟ 'ਤੇ ਕਣਕ ਦੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਰੂਸ 'ਤੇ ਆਰਥਿਕ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਬਰਾਮਦ 'ਤੇ ਕੋਈ ਪਾਬੰਦੀ ਨਹੀਂ।


ਕੱਚੇ ਤੇਲ ਤੇ ਸੂਰਜਮੁਖੀ ਦੇ ਤੇਲ ਦੀ ਵੀ ਦਰਾਮਦ 
ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਸਸਤੇ ਭਾਅ 'ਤੇ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਭਾਰਤ ਰੂਸ ਤੋਂ ਸੂਰਜਮੁਖੀ ਦਾ ਤੇਲ ਵੀ ਦਰਾਮਦ ਕਰ ਰਿਹਾ ਹੈ। ਭਾਰਤ ਨੂੰ ਰੂਸ ਤੋਂ ਕਣਕ ਦੀ ਦਰਾਮਦ 'ਤੇ 25 ਤੋਂ 40 ਡਾਲਰ ਪ੍ਰਤੀ ਟਨ ਦੀ ਛੋਟ ਮਿਲ ਸਕਦੀ ਹੈ। 1 ਅਗਸਤ, 2023 ਤੱਕ, ਭਾਰਤ ਸਰਕਾਰ ਦੇ ਗੋਦਾਮਾਂ ਵਿੱਚ 28.3 ਮਿਲੀਅਨ ਟਨ ਕਣਕ ਦਾ ਸਟਾਕ ਉਪਲਬਧ ਹੈ, ਜੋ 10 ਸਾਲਾਂ ਦੇ ਔਸਤ ਸਟਾਕ ਨਾਲੋਂ 20 ਪ੍ਰਤੀਸ਼ਤ ਘੱਟ ਹੈ।