Palm Oil Prices: ਭਾਰਤ ਲਈ ਰਾਹਤ ਦੀ ਖ਼ਬਰ ਹੈ। ਜਲਦੀ ਹੀ ਮਹਿੰਗੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ। ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਪਾਮ ਆਇਲ ਦੇ ਨਿਰਯਾਤ 'ਤੇ ਲਗਾਈ ਗਈ ਪਾਬੰਦੀ 23 ਮਈ ਤੋਂ ਹਟਾ ਦਿੱਤੀ ਜਾਵੇਗੀ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇਹ ਐਲਾਨ ਕੀਤਾ ਹੈ। ਇੰਡੋਨੇਸ਼ੀਆ ਨੇ ਪਾਮ ਆਇਲ ਸੈਕਟਰ ਵਿੱਚ ਕੰਮ ਕਰਨ ਵਾਲੇ 17 ਮਿਲੀਅਨ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ।


ਇੰਡੋਨੇਸ਼ੀਆ ਤੋਂ 45% ਪਾਮ ਆਇਲ ਹੁੰਦਾ ਦਰਾਮਦ


ਭਾਰਤ ਹਰ ਸਾਲ ਲਗਪਗ 13 ਤੋਂ 13.50 ਮਿਲੀਅਨ ਟਨ ਖਾਣ ਵਾਲੇ ਤੇਲ ਦੀ ਦਰਾਮਦ ਕਰਦਾ ਹੈ। ਜਿਸ ਵਿਚ 63 ਫੀਸਦੀ ਹਿੱਸੇਦਾਰੀ ਯਾਨੀ 8 ਤੋਂ 8.50 ਮਿਲੀਅਨ ਟਨ ਪਾਮ ਆਇਲ ਹੈ। 63 ਫੀਸਦੀ ਦਰਾਮਦ ਕੀਤੇ ਪਾਮ ਆਇਲ ਵਿਚੋਂ 45 ਫੀਸਦੀ ਇੰਡੋਨੇਸ਼ੀਆ ਤੋਂ ਦਰਾਮਦ ਕੀਤਾ ਜਾਂਦਾ ਹੈ।


ਮਹਿੰਗੀਆਂ ਕੀਮਤਾਂ ਕਾਰਨ 2021-22 ਵਿੱਚ ਖਾਣ ਵਾਲੇ ਤੇਲ ਦੀ ਦਰਾਮਦ 1.5 ਮਿਲੀਅਨ ਟਨ ਤੋਂ ਘਟ ਕੇ 1.3 ਮਿਲੀਅਨ ਟਨ ਰਹਿ ਗਈ। ਫਿਰ ਵੀ, ਕੀਮਤਾਂ ਵਿੱਚ ਉਛਾਲ ਦੇ ਕਾਰਨ, 2021-22 ਵਿੱਚ ਖਾਣ ਵਾਲੇ ਤੇਲ ਦੀ ਦਰਾਮਦ 'ਤੇ 1.4 ਲੱਖ ਕਰੋੜ ਰੁਪਏ ਖਰਚਣੇ ਪਏ, ਜਦੋਂ ਕਿ ਉਸ ਤੋਂ ਪਹਿਲਾਂ ਦੇ ਸਾਲ ਵਿੱਚ ਇਹ 82,123 ਕਰੋੜ ਰੁਪਏ ਸੀ।


ਪਾਮ ਤੇਲ ਵਿਸ਼ਵ ਵਿੱਚ ਸਭ ਤੋਂ ਵੱਧ ਖਪਤ ਕੀਤਾ ਜਾਣ ਵਾਲਾ ਖਾਣਾ ਪਕਾਉਣ ਵਾਲਾ ਤੇਲ ਹੈ, ਜੋ ਵਿਸ਼ਵਵਿਆਪੀ ਖਪਤ ਦਾ 40 ਪ੍ਰਤੀਸ਼ਤ ਹੈ। ਇਸ ਤੋਂ ਬਾਅਦ ਸੋਇਆ ਤੇਲ ਦੀ ਵਾਰੀ ਆਉਂਦੀ ਹੈ, ਜੋ ਕਿ 32 ਪ੍ਰਤੀਸ਼ਤ ਹੈ, ਅਤੇ ਫਿਰ ਰਾਈ (ਜਾਂ ਕੈਨੋਲਾ), ਜੋ ਕਿ 15 ਪ੍ਰਤੀਸ਼ਤ ਹੈ।


28 ਅਪ੍ਰੈਲ ਤੋਂ ਲਗਾਈ ਗਈ ਸੀ ਇਹ ਪਾਬੰਦੀ


ਦਰਅਸਲ, 28 ਅਪ੍ਰੈਲ ਤੋਂ ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਜਿਸ ਕਾਰਨ ਪਾਮ ਆਇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ। ਇੰਡੋਨੇਸ਼ੀਆ ਪਾਮ ਤੇਲ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ, ਜਦੋਂ ਕਿ ਭਾਰਤ ਖਾਣ ਵਾਲੇ ਤੇਲ ਦੇ ਵਿਸ਼ਵ ਦੇ ਸਭ ਤੋਂ ਵੱਡੇ ਆਯਾਤਕ - ਖਾਸ ਕਰਕੇ ਪਾਮ ਤੇਲ ਅਤੇ ਸੋਇਆ ਤੇਲ ਵਿੱਚ ਸ਼ਾਮਲ ਹੈ।


ਇੰਡੋਨੇਸ਼ੀਆ ਦੇ ਇਸ ਫੈਸਲੇ ਨਾਲ ਭਾਰਤ ਨੂੰ ਸਭ ਤੋਂ ਜ਼ਿਆਦਾ ਰਾਹਤ ਮਿਲੇਗੀ, ਜਿੱਥੇ ਪਹਿਲਾਂ ਹੀ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਹੈ। ਭਾਰਤ ਪਹਿਲਾਂ ਹੀ ਰੂਸ-ਯੂਕਰੇਨ ਯੁੱਧ ਕਾਰਨ ਸੂਰਜਮੁਖੀ ਦੇ ਤੇਲ ਦੀ ਸਪਲਾਈ ਵਿੱਚ ਰੁਕਾਵਟ ਤੋਂ ਪ੍ਰੇਸ਼ਾਨ ਸੀ। ਇੰਡੋਨੇਸ਼ੀਆ ਨੇ ਪਾਮ ਆਇਲ 'ਤੇ ਪਾਬੰਦੀ ਲਗਾ ਕੇ ਮੁਸੀਬਤ ਵਧਾ ਦਿੱਤੀ ਸੀ।


ਇਹ ਵੀ ਪੜ੍ਹੋ: IPL 2022: ਆਈਪੀਐਲ ਦੇ ਫਾਈਨਲ ਮੈਚ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਬਦਲਿਆ ਮੈਚ ਦਾ ਸਮਾਂ