Punjab Budget 2023: ਪੰਜਾਬ ਸਰਕਾਰ ਵੱਲੋਂ ਸਿਹਤ ਖੇਤਰ ਲਈ ਵੱਡਾ ਐਲਾਨ, ਬਜਟ 'ਚ 4781 ਕਰੋੜ ਰੁਪਏ ਰੱਖੇ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਦੋ ਨਵੇਂ ਮੈਡੀਕਲ ਕਾਲਜ ਖ਼ੋਲ੍ਹੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕਾਲਜਾਂ ਵਿੱਚ 100-100 ਐਮਬੀਬੀਐਸ ਸਰਕਾਰੀ ਸੀਟਾਂ ਹੋਣਗੀਆਂ।
Punjab Budget 2023: ਪੰਜਾਬ ਸਰਕਾਰ ਨੇ ਸਿਹਤ ਖੇਤਰ ਲਈ 4781 ਕਰੋੜ ਰੁਪਏ ਰੱਖੇ ਹਨ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਦੋ ਨਵੇਂ ਮੈਡੀਕਲ ਕਾਲਜ ਖ਼ੋਲ੍ਹੇ ਜਾ ਰਹੇ ਹਨ। ਇਨ੍ਹਾਂ ਦੋਵਾਂ ਕਾਲਜਾਂ ਵਿੱਚ 100-100 ਐਮਬੀਬੀਐਸ ਸਰਕਾਰੀ ਸੀਟਾਂ ਹੋਣਗੀਆਂ। ਦੋਵਾਂ ਮੈਡੀਕਲ ਕਾਲਜਾਂ ਲਈ ਕ੍ਰਮਵਾਰ 422 ਤੇ 412 ਕਰੋੜ ਰੁਪਏ ਰਾਖ਼ਵੇਂ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਫ਼ਾਜ਼ਿਲਕਾ ਵਿੱਚ ਕੈਂਸਰ ਕੇਅਰ ਯੂਨਿਟ ਜਲਦ ਸ਼ੁਰੂ ਹੋਏਗਾ। ਮੈਡੀਕਲ ਸਿੱਖਿਆ ਤੇ ਖ਼ੋਜ ਲਈ 1015 ਕਰੋੜ ਰੁਪਏ ਰਾਖ਼ਵੇਂ ਹਨ। ਆਮ ਆਦਮੀ ਕਲੀਨਕਾਂ ਲਈ ਬਜਟ ਵਿੱਚ ਕੁਝ ਨਹੀਂ ਰੱਖਿਆ ਗਿਆ ਪਰ ਸਿਹਤ ਕੇਂਦਰਾਂ ਦੀ ਮਜ਼ਬੂਤੀ ਲਈ 39 ਕਰੋੜ ਰੁਪਏ ਰੱਖੇ ਗਏ ਹਨ। ਹੋਮੀ ਭਾਭਾ ਕੈਂਸਰ ਸੈਂਟਰ ਲਈ 17 ਕਰੋੜ ਰੁਪਏ ਰੱਖੇ ਗਏ ਹਨ।
ਦੱਸ ਦਈਏ ਕਿ ਵਿੱਤ ਮੰਤਰੀ ਨੇ ਅੱਜ ਸਾਲ 2023-24 ਲਈ ਬਜਟ ਪੇਸ਼ ਕੀਤਾ। ਪੰਜਾਬ 'ਚ 'ਆਪ' ਸਰਕਾਰ ਦੇ ਬਣਨ ਦੀ ਪਹਿਲੀ ਵਰ੍ਹੇਗੰਢ ’ਤੇ ਬਜਟ ਪੇਸ਼ ਕੀਤਾ ਜਾ ਰਿਹਾ ਹੈ। 'ਆਪ' ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਇਹ ਦੂਜਾ ਪੇਪਰ ਰਹਿਤ ਬਜਟ ਹੈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਪੁਲਿਸ ਲਈ 10,523 ਕਰੋੜ ਰੁਪਏ ਦੀ ਤਜਵੀਜ ਰੱਖੀ ਹੈ ਜਿਸ ਵਿੱਚ ਪੁਲਿਸ ਦੇ ਆਧੁਨੀਕਰਨ ਤੇ ਹੋਰ ਵਿਕਾਸ ਕਾਰਜਾਂ ਵਿੱਚ ਖ਼ਰਚ ਕੀਤੇ ਜਾਣਗੇ।
ਜ਼ਿਕਰ ਕਰ ਦਈਏ ਕਿ ਬਜਟ ਵਿੱਚ ਪਹਿਲੀ ਵਾਰ ਸਰਹੱਦੀ ਖੇਤਰ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ 30 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪੁਲਿਸ ਲਾਈਨ ਅਤੇ ਪੁਲਿਸ ਦਫ਼ਤਰਾਂ ਲਈ ਜ਼ਮੀਨ ਲੈਣ ਲਈ 30 ਕਰੋੜ ਰੁਪਏ ਅਤੇ ਨਵੀਆਂ ਇਮਾਰਤਾਂ ਲਈ 10 ਕਰੋੜ ਰੁਪਏ ਖਰਚੇ ਜਾਣਗੇ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਸਾਨਾਂ ਨੂੰ ਵੀ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ 1000 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਨਵੀਂ ਖੇਤੀ ਨੀਤੀ ਲਿਆਵੇਗੀ। ਇਸ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਫਸਲ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਮੂੰਗੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਕਦਮਾਂ ਬਾਰੇ ਦੱਸਿਆ।