Budget Session 2023 : ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸੰਸਦ ਭਵਨ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦੀ ਨਜ਼ਰ ਇਸ ਬਜਟ ਉੱਤੇ ਹੈ। ਉਨ੍ਹਾਂ ਕਿਹਾ, ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਪਹਿਲੀ ਵਾਰ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰੇਗੀ ਅਤੇ ਉਨ੍ਹਾਂ ਦਾ ਸੰਬੋਧਨ ਭਾਰਤ ਦੇ ਸੰਵਿਧਾਨ, ਸੰਸਦੀ ਪ੍ਰਣਾਲੀ ਦਾ ਮਾਣ ਅਤੇ ਨਾਰੀ ਸਨਮਾਨ ਕਰਨ ਦਾ ਵੀ ਮੌਕਾ ਹੈ।

 



ਪ੍ਰਧਾਨ ਮੰਤਰੀ ਨੇ ਕਿਹਾ, ਦੂਰ-ਦੁਰਾਡੇ ਜੰਗਲਾਂ ਵਿੱਚ ਜੀਵਨ ਬਤੀਤ ਕਰਨ ਵਾਲੀ ਸਾਡੀ ਮਹਾਨ ਕਬਾਇਲੀ ਪਰੰਪਰਾ ਦਾ ਸਨਮਾਨ ਕਰਨ ਦਾ ਵੀ ਇਹ ਮੌਕਾ ਹੈ। ਸਾਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਇੱਕ ਔਰਤ ਹੈ ,ਜੋ ਕੱਲ੍ਹ ਬਜਟ ਪੇਸ਼ ਕਰਨ ਜਾ ਰਹੀ ਹੈ। ਪੀਐਮ ਨੇ ਕਿਹਾ, ਅੱਜ ਦੇ ਗਲੋਬਲ ਹਾਲਾਤਾਂ ਵਿੱਚ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੀ ਨਜ਼ਰ ਭਾਰਤ ਦੇ ਬਜਟ ਉੱਤੇ ਹੈ।

 





ਪੀਐਮ ਮੋਦੀ ਨੇ ਅੱਗੇ ਕਿਹਾ, 'ਭਾਰਤ ਪਹਿਲਾਂ, ਨਾਗਰਿਕ ਪਹਿਲਾਂ' ਦੀ ਸੋਚ ਨੂੰ ਲੈ ਕੇ ਅਸੀਂ ਸੰਸਦ ਦੇ ਇਸ ਬਜਟ ਸੈਸ਼ਨ ਨੂੰ ਅੱਗੇ ਵਧਾਵਾਂਗੇ। ਮੈਨੂੰ ਉਮੀਦ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੰਸਦ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਬਜਟ ਸੈਸ਼ਨ 'ਚ ਝਗੜੇ ਹੋਣਗੇ ਪਰ ਝਗੜੇ ਵੀ ਹੋਣੇ ਚਾਹੀਦੇ ਹਨ। ਸਾਨੂੰ ਯਕੀਨ ਹੈ ਕਿ ਵਿਰੋਧੀ ਧਿਰ ਦੇ ਸਾਡੇ ਸਾਰੇ ਦੋਸਤ ਪੂਰੀ ਤਿਆਰੀ ਨਾਲ ਇਸ ਦਾ ਡੂੰਘਾਈ ਨਾਲ ਅਧਿਐਨ ਕਰਕੇ ਆਪਣੀ ਗੱਲ ਸਦਨ ਵਿੱਚ ਰੱਖਣਗੇ।

 


 

ਪ੍ਰਧਾਨ ਮੰਤਰੀ ਨੇ ਕਿਹਾ, ਅਸਥਿਰ ਵਿਸ਼ਵ ਆਰਥਿਕ ਸਥਿਤੀ ਦੇ ਵਿਚਕਾਰ ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਉਮੀਦ ਦੀ ਕਿਰਨ ਜੋ ਦੁਨੀਆ ਦੇਖ ਰਹੀ ਹੈ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਨਿਰਮਲਾ ਸੀਤਾਰਮਨ ਉਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰੇਗੀ।