Budget 2025: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸੰਸਦ ਵਿੱਚ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਇੱਕ ਸਰਵੇ ਵਿੱਚ ਬਜਟ ਪ੍ਰਤੀ ਲੋਕਾਂ ਵਿੱਚ ਨਿਰਾਸ਼ਾ ਦਿਖਾਈ ਦਿੱਤੀ ਸੀ। ਸੀ-ਵੋਟਰ ਸਰਵੇਖਣ ਵਿੱਚ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਮਹਿੰਗਾਈ ਕਰਕੇ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਸਥਿਤੀ ਵਿੱਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ।



ਆਪਣੇ ਪ੍ਰੀ-ਬਜਟ ਸਰਵੇਖਣ ਵਿੱਚ ਸੀ-ਵੋਟਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ 5,269 ਲੋਕਾਂ ਨਾਲ ਗੱਲ ਕੀਤੀ। ਇਸ ਵਿੱਚ ਲੋਕਾਂ ਨੇ ਹੈਰਾਨ ਕਰਨ ਵਾਲੇ ਜਵਾਬ ਦਿੱਤੇ। ਲਗਭਗ ਦੋ ਤਿਹਾਈ ਲੋਕਾਂ ਨੇ ਕਿਹਾ ਕਿ ਕੋਈ ਵੀ ਮਹਿੰਗਾਈ ਵੱਲ ਧਿਆਨ ਨਹੀਂ ਦੇ ਰਿਹਾ ਹੈ ਅਤੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਲਗਾਤਾਰ ਵੱਧ ਰਹੀ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਕਿ ਵਧਦੀ ਮਹਿੰਗਾਈ ਉਨ੍ਹਾਂ ਦੇ ਜੀਵਨ ਪੱਧਰ 'ਤੇ ਮਾੜਾ ਅਸਰ ਪਾ ਰਹੀ ਹੈ, ਉਨ੍ਹਾਂ ਲਈ ਚੰਗੀ ਜ਼ਿੰਦਗੀ ਜਿਉਣੀ ਮੁਸ਼ਕਿਲ ਹੁੰਦੀ ਜਾ ਰਹੀ ਹੈ। 



'ਆਹ ਸਾਲ ਹੋਰ ਖਰਾਬ ਹੋਵੇਗਾ'
ਇਸ ਸਰਵੇਖਣ ਵਿੱਚ ਲਗਭਗ ਅੱਧੇ ਲੋਕਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਆਮਦਨ ਪਹਿਲਾਂ ਵਰਗੀ ਹੀ ਰਹੀ, ਕੋਈ ਬਦਲਾਅ ਨਹੀਂ ਹੋਇਆ ਪਰ ਪਿਛਲੇ ਸਾਲ ਖਰਚੇ ਵਧਦੇ ਰਹੇ। ਦੋ ਤਿਹਾਈ ਲੋਕਾਂ ਨੇ ਇਹ ਵੀ ਕਿਹਾ ਕਿ ਵਧਦੇ ਖਰਚਿਆਂ ਨੂੰ ਸੰਭਾਲਣਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਹੈ। 37% ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਵੀ ਸਥਿਤੀ ਵਿੱਚ ਸੁਧਾਰ ਹੋਣ ਦੀ ਬਹੁਤੀ ਉਮੀਦ ਨਹੀਂ ਹੈ। ਉਨ੍ਹਾਂ ਅਨੁਸਾਰ, ਆਉਣ ਵਾਲਾ ਸਾਲ ਆਮਦਨ ਅਤੇ ਖਰਚ ਦੇ ਅਨੁਪਾਤ ਦੇ ਮਾਮਲੇ ਵਿੱਚ ਹੋਰ ਵੀ ਮਾੜਾ ਹੋ ਸਕਦਾ ਹੈ।


ਵਿਕਾਸ ਦਰ ਘੱਟ ਰਹਿਣ ਦੀ ਉਮੀਦ
ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਇਸ ਵਿੱਤੀ ਸਾਲ ਇਸ ਦੀ ਵਿਕਾਸ ਦਰ ਪਿਛਲੇ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਰਹਿਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ ਇਸ ਹਫ਼ਤੇ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਮੋਦੀ ਸਰਕਾਰ ਵਿਕਾਸ ਦਰ ਨੂੰ ਤੇਜ਼ ਕਰਨ ਲਈ ਕੁਝ ਵਿਸ਼ੇਸ਼ ਉਪਾਵਾਂ ਦਾ ਐਲਾਨ ਕਰ ਸਕਦੀ ਹੈ। ਇਸ ਦੇ ਨਾਲ ਹੀ ਲੋਕਾਂ ਦੀ ਆਮਦਨ ਵਧਾਉਣ ਅਤੇ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕੁਝ ਐਲਾਨ ਵੀ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਭਾਰਤ ਵਿੱਚ ਬੇਰੁਜ਼ਗਾਰੀ ਵੀ ਇੱਕ ਵੱਡੀ ਸਮੱਸਿਆ ਹੈ। ਸਰਕਾਰ ਨੂੰ ਬਜਟ ਵਿੱਚ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਖੇਤਰ ਵਿੱਚ ਵੀ ਕੁਝ ਉਪਾਅ ਪੇਸ਼ ਕਰਨੇ ਪੈਣਗੇ।