Business Idea: ਅੱਜ ਦੀ ਤਰੀਕ ਵਿੱਚ ਐਲੋਵੇਰਾ ਬਾਰੇ ਕੌਣ ਨਹੀਂ ਜਾਣਦਾ। ਬਾਜ਼ਾਰ 'ਚ ਐਲੋਵੇਰਾ ਤੋਂ ਬਣੇ ਉਤਪਾਦਾਂ ਦੀ ਕਾਫੀ ਮੰਗ ਹੈ। ਇਹ ਸਭ ਤੋਂ ਵੱਧ ਕਾਸਮੈਟਿਕਸ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਹਰਬਲ ਉਤਪਾਦਾਂ ਤੇ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।



ਇਹੀ ਕਾਰਨ ਹੈ ਕਿ ਐਲੋਵੇਰਾ ਦੀ ਖੇਤੀ ਹੁਣ ਇੱਕ ਮੁਨਾਫੇ ਵਾਲਾ ਸੌਦਾ ਬਣ ਗਿਆ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਲੋਵੇਰਾ ਦੀ ਖੇਤੀ ਕਰ ਸਕਦੇ ਹੋ। ਚੰਗੇ ਐਲੋਵੇਰਾ ਦੀ ਮੰਗ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਕੰਪਨੀਆਂ ਨੂੰ ਉੱਚ ਗੁਣਵੱਤਾ ਵਾਲੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ। ਇਸ ਲਈ ਜੇਕਰ ਕੋਈ ਵਿਅਕਤੀ ਐਲੋਵੇਰਾ ਨੂੰ ਕੰਪਨੀਆਂ ਦੇ ਮਾਪਦੰਡਾਂ ਅਨੁਸਾਰ ਸਹੀ ਤਰੀਕੇ ਨਾਲ ਤਿਆਰ ਕਰਦਾ ਹੈ ਤਾਂ ਉਹ ਇਸ ਤੋਂ ਲੱਖਾਂ ਰੁਪਏ ਕਮਾ ਸਕਦਾ ਹੈ।

ਕਿਵੇਂ ਕਰੀਏ ਖੇਤੀ ?
ਐਲੋਵੇਰਾ ਦੀ ਕਾਸ਼ਤ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ। ਸੁੱਕੇ ਖੇਤਰਾਂ ਵਿੱਚ ਇਸ ਦੀ ਕਾਸ਼ਤ ਵਧੇਰੇ ਫਾਇਦੇਮੰਦ ਹੁੰਦੀ ਹੈ। ਅਜਿਹੀ ਜ਼ਮੀਨ 'ਤੇ ਇਸ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ, ਜਿਸ ਵਿਚ ਪਾਣੀ ਖੜ੍ਹਾ ਰਹਿੰਦਾ ਹੈ। ਨਾਲ ਹੀ, ਐਲੋਵੇਰਾ ਨੂੰ ਉਨ੍ਹਾਂ ਥਾਵਾਂ 'ਤੇ ਨਹੀਂ ਉਗਾਇਆ ਜਾ ਸਕਦਾ ਜਿੱਥੇ ਇਹ ਬਹੁਤ ਠੰਡ ਜ਼ਿਆਦਾ ਹੁੰਦੀ ਹੈ।

ਇਸ ਦੀ ਕਾਸ਼ਤ ਰੇਤਲੀ ਅਤੇ ਚਿਕਨਾਈ ਵਾਲੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਜ਼ਮੀਨ ਦੀ ਚੋਣ ਕਰਦੇ ਸਮੇਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੀ ਕਾਸ਼ਤ ਲਈ ਜ਼ਮੀਨ ਅਜਿਹੀ ਹੋਣੀ ਚਾਹੀਦੀ ਹੈ ਜੋ ਥੋੜ੍ਹੀ ਉਚਾਈ 'ਤੇ ਹੋਵੇ ਤੇ ਖੇਤ ਵਿੱਚ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਹੋਵੇ।

ਕਦੋਂ ਲਾਉਣਾ ਹੈ ਪੌਦਾ?
ਐਲੋਵੇਰਾ ਨੂੰ ਫਰਵਰੀ ਤੋਂ ਅਗਸਤ ਤੱਕ ਕਿਸੇ ਵੀ ਸਮੇਂ ਲਾਇਆ ਜਾ ਸਕਦਾ ਹੈ ਪਰ ਇਸ ਨੂੰ ਲਗਾਉਣ ਦਾ ਸਹੀ ਸਮਾਂ ਜੁਲਾਈ-ਅਗਸਤ ਮੰਨਿਆ ਜਾਂਦਾ ਹੈ। ਐਲੋਵੇਰਾ ਦੇ ਪੌਦੇ ਲਾਉਣ ਤੋਂ ਪਹਿਲਾਂ ਇੱਕ ਏਕੜ ਵਿੱਚ ਘੱਟੋ-ਘੱਟ 20 ਟਨ ਗੋਬਰ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਚਾਰ ਤੋਂ ਪੰਜ ਪੱਤਿਆਂ ਵਾਲੇ 3-4 ਮਹੀਨੇ ਪੁਰਾਣੇ ਕੰਦ ਟਰਾਂਸਪਲਾਂਟ ਕੀਤੇ ਜਾਂਦੇ ਹਨ।

ਇੱਕ ਏਕੜ ਵਿੱਚ 10,000 ਬੂਟੇ ਲਗਾਏ ਜਾ ਸਕਦੇ ਹਨ। ਲਗਾਏ ਜਾਣ ਵਾਲੇ ਪੌਦਿਆਂ ਦੀ ਗਿਣਤੀ ਮਿੱਟੀ ਅਤੇ ਜਲਵਾਯੂ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਜਿੱਥੇ ਪੌਦਿਆਂ ਦਾ ਵਾਧਾ ਅਤੇ ਫੈਲਾਅ ਜ਼ਿਆਦਾ ਹੁੰਦਾ ਹੈ, ਉੱਥੇ ਪੌਦਿਆਂ ਵਿਚਕਾਰ ਦੂਰੀ ਜ਼ਿਆਦਾ ਰੱਖੀ ਜਾਂਦੀ ਹੈ ਤੇ ਜਿੱਥੇ ਵਿਕਾਸ ਘੱਟ ਹੁੰਦਾ ਹੈ, ਉੱਥੇ ਪੌਦੇ ਤੋਂ ਬੂਟੇ ਦੀ ਦੂਰੀ ਤੇ ਲਾਈਨ ਤੋਂ ਲਾਈਨ ਦੀ ਦੂਰੀ ਘੱਟ ਰੱਖੀ ਜਾਂਦੀ ਹੈ।

ਰੋਪਾਈ ਦਾ ਤਰੀਕਾ
ਆਮ ਤੌਰ 'ਤੇ ਪੌਦਿਆਂ ਨੂੰ ਟਰਾਂਸਪਲਾਂਟ ਕਰਨ ਦਾ ਤਰੀਕਾ ਅਪਣਾਇਆ ਜਾਂਦਾ ਹੈ, ਜਿਸ ਵਿਚ ਇਕ ਮੀਟਰ ਦੀ ਜਗ੍ਹਾ ਵਿਚ ਦੋ ਲਾਈਨਾਂ ਪਾ ਦਿੱਤੀਆਂ ਜਾਂਦੀਆਂ ਹਨ ਤੇ ਫਿਰ ਇਕ ਮੀਟਰ ਜਗ੍ਹਾ ਖਾਲੀ ਛੱਡ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਦੁਬਾਰਾ ਇੱਕ ਮੀਟਰ ਵਿੱਚ ਦੋ ਲਾਈਨਾਂ ਲਗਾਈਆਂ ਜਾਣ। ਪੌਦਿਆਂ ਵਿਚਕਾਰ ਦੂਰੀ 40 ਸੈਂਟੀਮੀਟਰ ਅਤੇ ਲਾਈਨ ਤੋਂ ਲਾਈਨ ਦੀ ਦੂਰੀ 45 ਸੈਂਟੀਮੀਟਰ ਹੋਣੀ ਚਾਹੀਦੀ ਹੈ। ਬਿਜਾਈ ਤੋਂ ਤੁਰੰਤ ਬਾਅਦ ਇੱਕ ਸਿੰਚਾਈ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਲੋੜ ਅਨੁਸਾਰ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ। ਸਿੰਚਾਈ ਕਰਨ ਨਾਲ ਪੱਤਿਆਂ ਵਿੱਚ ਜੈੱਲ ਦੀ ਮਾਤਰਾ ਵੱਧ ਜਾਂਦੀ ਹੈ।

ਇਸ ਦਾ ਕਿੰਨਾ ਮੁਲ ਹੋਵੇਗਾ?
ਇੰਡੀਅਨ ਕੌਂਸਲ ਫਾਰ ਐਗਰੀਕਲਚਰਲ ਰਿਸਰਚ (ICAR) ਦੇ ਅਨੁਸਾਰ, ਇੱਕ ਹੈਕਟੇਅਰ ਵਿੱਚ ਪੌਦੇ ਲਗਾਉਣ ਦੀ ਲਾਗਤ ਲਗਭਗ 27,500 ਰੁਪਏ ਆਉਂਦੀ ਹੈ। ਜਦੋਂ ਕਿ ਮਜ਼ਦੂਰੀ, ਖੇਤ ਦੀ ਤਿਆਰੀ, ਰੂੜੀ ਆਦਿ ਜੋੜ ਕੇ ਇਹ ਖਰਚਾ ਪਹਿਲੇ ਸਾਲ 50,000 ਰੁਪਏ ਤੱਕ ਪਹੁੰਚ ਜਾਂਦਾ ਹੈ।

ਐਲੋਵੇਰਾ ਦੀ ਇੱਕ ਹੈਕਟੇਅਰ ਵਿੱਚ ਕਾਸ਼ਤ ਦੇ ਪਹਿਲੇ ਸਾਲ ਵਿੱਚ ਲਗਪਗ 450 ਕੁਇੰਟਲ ਐਲੋਵੇਰਾ ਦੇ ਪੱਤੇ ਉਪਲਬਧ ਹੁੰਦੇ ਹਨ। ਐਲੋਵੇਰਾ ਦੇ ਪੱਤਿਆਂ ਦੀ ਕੀਮਤ 2,000 ਰੁਪਏ ਪ੍ਰਤੀ ਕੁਇੰਟਲ ਹੈ। ਇਸ ਤਰ੍ਹਾਂ ਇੱਕ ਸਾਲ ਵਿੱਚ ਇੱਕ ਹੈਕਟੇਅਰ ਵਿੱਚ 9,00,000 ਰੁਪਏ ਦਾ ਉਤਪਾਦਨ ਹੁੰਦਾ ਹੈ। ਐਲੋਵੇਰਾ ਦਾ ਉਤਪਾਦਨ ਦੂਜੇ ਅਤੇ ਤੀਜੇ ਸਾਲ ਵਿੱਚ ਵੱਧ ਜਾਂਦਾ ਹੈ ਅਤੇ ਇਹ 600 ਕੁਇੰਟਲ ਤੱਕ ਪਹੁੰਚ ਸਕਦਾ ਹੈ।