ਕੋਰੋਨਾ ਦੀ ਦੂਜੀ ਲਹਿਰ ਦਾ ਭਿਆਨਕ ਰੂਪ ਆਇਆ ਸਾਹਮਣੇ, ਸੀਐਮਆਈਈ ਦੇ ਅੰਕੜਿਆਂ 'ਚ ਖੁਲਾਸਾ
ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜਦੋਂਕਿ ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ 97 ਪ੍ਰਤੀਸ਼ਤ ਪਰਿਵਾਰਾਂ ਦੀ ਆਮਦਨੀ ਵਿੱਚ ਕਮੀ ਆਈ ਹੈ।
ਨਵੀਂ ਦਿੱਲੀ: ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜਦੋਂਕਿ ਪਿਛਲੇ ਸਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ 97 ਪ੍ਰਤੀਸ਼ਤ ਪਰਿਵਾਰਾਂ ਦੀ ਆਮਦਨੀ ਵਿੱਚ ਕਮੀ ਆਈ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਨੌਮੀ (ਸੀਐਮਆਈਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਆਸ ਨੇ ਕਿਹਾ ਕਿ ਖੋਜ ਸੰਸਥਾ ਦੇ ਮੁਲਾਂਕਣ ਮੁਤਾਬਕ ਮਈ ਵਿੱਚ ਬੇਰੁਜ਼ਗਾਰੀ ਦੀ ਦਰ 12 ਪ੍ਰਤੀਸ਼ਤ ਰਹੀ ਜੋ ਅਪ੍ਰੈਲ ਵਿੱਚ 8 ਪ੍ਰਤੀਸ਼ਤ ਸੀ। ਇਸ ਦਾ ਅਰਥ ਹੈ ਕਿ ਇਸ ਅਰਸੇ ਦੌਰਾਨ ਤਕਰੀਬਨ ਇੱਕ ਕਰੋੜ ਭਾਰਤੀਆਂ ਦੀਆਂ ਨੌਕਰੀਆਂ ਖ਼ਤਮ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਛੱਡਣ ਦਾ ਮੁੱਖ ਕਾਰਨ ਕੋਵਿਡ-9 ਦੀ ਦੂਜੀ ਲਹਿਰ ਹੈ। “ਆਰਥਿਕਤਾ ਸੁਚਾਰੂ ਢੰਗ ਨਾਲ ਕੰਮ ਕਰਨ ਨਾਲ, ਸਮੱਸਿਆ ਦਾ ਕੁਝ ਹੱਦ ਤੱਕ ਹੱਲ ਹੋਣ ਦੀ ਉਮੀਦ ਹੈ ਪਰ ਇਹ ਪੂਰੀ ਤਰ੍ਹਾਂ ਨਹੀਂ ਹੋਵੇਗਾ।”
ਵਿਆਸ ਮੁਤਾਬਕ ਨੌਕਰੀ ਗੁਆ ਚੁੱਕੇ ਲੋਕਾਂ ਨੂੰ ਨਵੀਂਆਂ ਨੌਕਰੀਆਂ ਲੱਭਣਾ ਮੁਸ਼ਕਲ ਹੋ ਰਿਹਾ ਹੈ। ਗ਼ੈਰ-ਸੰਗਠਿਤ ਖੇਤਰ ਵਿੱਚ ਨੌਕਰੀਆਂ ਤੇਜ਼ੀ ਨਾਲ ਬਣੀਆਂ ਜਾਂਦੀਆਂ ਹਨ, ਪਰ ਸੰਗਠਿਤ ਖੇਤਰ ਵਿੱਚ ਚੰਗੀ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਮਾਂ ਲੱਗਦਾ ਹੈ।
ਜ਼ਿਕਰੇਖਾਸ ਹੈ ਕਿ ਪਿਛਲੇ ਸਾਲ ਮਈ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਲਗਾਏ ਗਏ ਦੇਸ਼ ਵਿਆਪੀ 'ਲੌਕਡਾਊਨ' ਕਾਰਨ ਬੇਰੁਜ਼ਗਾਰੀ ਦੀ ਦਰ 23.5 ਪ੍ਰਤੀਸ਼ਤ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਬਹੁਤ ਸਾਰੇ ਮਾਹਰਾਂ ਦੀ ਰਾਏ ਹੈ ਕਿ ਲਾਗ ਦੀ ਦੂਜੀ ਲਹਿਰ ਸਿਖਰ 'ਤੇ ਹੈ ਅਤੇ ਹੁਣ ਸੂਬੇ ਹੌਲੀ-ਹੌਲੀ ਪਾਬੰਦੀਆਂ 'ਚ ਢਿੱਲ ਦੇ ਕੇ ਆਰਥਿਕ ਗਤੀਵਿਧੀਆਂ ਦੀ ਇਜਾਜ਼ਤ ਦੇਣਾ ਸ਼ੁਰੂ ਕਰ ਦੇਣਗੇ।
ਮਹੇਸ਼ ਵਿਆਸ ਨੇ ਅੱਗੇ ਕਿਹਾ ਕਿ 3-4 ਪ੍ਰਤੀਸ਼ਤ ਬੇਰੁਜ਼ਗਾਰੀ ਦੀ ਦਰ ਨੂੰ ਭਾਰਤੀ ਅਰਥਚਾਰੇ ਲਈ ‘ਆਮ’ ਮੰਨਿਆ ਜਾਣਾ ਚਾਹੀਦਾ ਹੈ। ਇਹ ਦਰਸਾਉਂਦਾ ਹੈ ਕਿ ਸਥਿਤੀ ਨੂੰ ਠੀਕ ਹੋਣ ਵਿਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਐਮਆਈ ਨੇ ਅਪ੍ਰੈਲ ਵਿੱਚ 1.75 ਲੱਖ ਪਰਿਵਾਰਾਂ ਦਾ ਦੇਸ਼ ਵਿਆਪੀ ਸਰਵੇਖਣ ਪੂਰਾ ਕੀਤਾ ਸੀ। ਇਸ ਕਾਰਨ ਪਿਛਲੇ ਇੱਕ ਸਾਲ ਦੌਰਾਨ ਆਮਦਨੀ ਪੈਦਾ ਕਰਨ ਸਬੰਧੀ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ।
ਵਿਆਸ ਮੁਤਾਬਕ ਸਰਵੇਖਣ ਕੀਤੇ ਗਏ ਪਰਿਵਾਰ ਦੇ ਸਿਰਫ 3 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਵਧੀ ਹੈ, ਜਦੋਂ ਕਿ 55 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਘੱਟ ਗਈ ਹੈ। ਸਰਵੇਖਣ ਵਿਚ 42 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਪਿਛਲੇ ਸਾਲ ਦੀ ਤਰ੍ਹਾਂ ਹੀ ਰਹੀ ਹੈ। ਉਨ੍ਹਾਂ ਕਿਹਾ, “ਜੇ ਮਹਿੰਗਾਈ ਦਰ ਨੂੰ ਵਿਵਸਥਿਤ ਕੀਤਾ ਜਾਂਦਾ ਹੈ, ਤਾਂ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਦੇਸ਼ ਵਿੱਚ ਪਰਿਵਾਰ ਦੀ ਆਮਦਨੀ ਦਾ 97 ਪ੍ਰਤੀਸ਼ਤ ਮਹਾਂਮਾਰੀ ਦੌਰਾਨ ਘਟਿਆ ਹੈ।”
ਇਹ ਵੀ ਪੜ੍ਹੋ: ਪੰਜਾਬ 'ਚ PPS ਤੋਂ IPS ਪ੍ਰਮੋਟ ਹੋਏ 24 ਅਫਸਰ, ਪਰ ਕਮਿਸ਼ਨ ਨੇ ਸਰਕਾਰ ਨੂੰ ਪੁੱਛਿਆ ਇਹ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904