Success Story of Gautam Adani: ਅਡਾਨੀ ਗਰੁੱਪ ਦੇ ਚੇਅਰਮੈਨ ਇਸ ਸਮੇਂ ਨਾ ਸਿਰਫ਼ ਭਾਰਤ 'ਚ ਸਗੋਂ ਏਸ਼ੀਆ 'ਚ ਵੀ ਸਭ ਤੋਂ ਵੱਡੇ ਅਮੀਰ ਹਨ। 2020 ਤੇ 2022 ਦੇ ਵਿਚਕਾਰ ਉਨ੍ਹਾਂ ਦੀ ਦੌਲਤ 'ਚ ਲਗਪਗ 14 ਗੁਣਾ ਵਾਧਾ ਹੋਇਆ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਵਧਦੀ ਕੀਮਤ ਹੈ। ਤੁਹਾਡੇ ਘਰ ਦੇ ਰਾਸ਼ਨ ਤੋਂ ਲੈ ਕੇ ਕੋਲੇ ਦੀ ਖਾਣ, ਏਅਰਪੋਰਟ, ਰੇਲਵੇ, ਬੰਦਰਗਾਹ ਤੋਂ ਲੈ ਕੇ ਬਿਜਲੀ ਉਤਪਾਦਨ ਤੱਕ ਅਜਿਹੇ ਦਰਜਨਾਂ ਕਾਰੋਬਾਰ ਹਨ ਜਿੱਥੇ ਗੌਤਮ ਅਡਾਨੀ ਦਾ ਸਿੱਕਾ ਚੱਲ ਰਿਹਾ ਹੈ।


ਅਡਾਨੀ ਗਰੁੱਪ ਦੀਆਂ ਕੰਪਨੀਆਂ


-ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ


-ਅਡਾਨੀ ਪੋਰਟਸ ਐਂਡ ਸਪੈਸ਼ਲ ਇਕੌਨੋਮਿਕ ਜ਼ੋਨ ਲਿਮਟਿਡ


-ਅਡਾਨੀ ਪਾਵਰ ਲਿਮਟਿਡ


-ਅਡਾਨੀ ਟਰਾਂਸਮਿਸ਼ਨ ਲਿਮਟਿਡ


-ਅਡਾਨੀ ਗ੍ਰੀਨ ਐਨਰਜੀ ਲਿਮਟਿਡ


-ਅਡਾਨੀ ਟੋਟਲ ਗੈਸ ਲਿਮਟਿਡ


-ਅਡਾਨੀ ਵਿਲਮਰ ਲਿਮਟਿਡ


1981 ਤੋਂ ਅਡਾਨੀ ਦੀ ਕਿਸਮਤ ਲੱਗੀ ਚਮਕਣ


ਦਰਅਸਲ ਅਡਾਨੀ ਦੀ ਕਿਸਮਤ 1981 ਤੋਂ ਚਮਕਣ ਲੱਗੀ ਸੀ। ਉਨ੍ਹਾਂ ਦੇ ਵੱਡੇ ਭਰਾ ਨੇ ਉਨ੍ਹਾਂ ਨੂੰ ਅਹਿਮਦਾਬਾਦ ਬੁਲਾਇਆ। ਬੀਬੀਸੀ ਮੁਤਾਬਕ ਉਨ੍ਹਾਂ ਦੇ ਭਰਾ ਨੇ ਪਲਾਸਟਿਕ ਰੈਪਿੰਗ ਕੰਪਨੀ ਖਰੀਦੀ ਸੀ, ਪਰ ਉਹ ਵਧੀਆ ਚੱਲ ਨਹੀਂ ਪਾ ਰਹੀ ਸੀ। ਕੰਪਨੀ ਨੂੰ ਕੱਚੇ ਮਾਲ ਦੀ ਸਪਲਾਈ ਲੋੜੀਂਦੀ ਮਾਤਰਾ 'ਚ ਨਹੀਂ ਮਿਲ ਪਾ ਰਹੀ ਸੀ।


ਇਸੇ ਨੂੰ ਇੱਕ ਮੌਕੇ 'ਚ ਬਦਲਦੇ ਹੋਏ ਅਡਾਨੀ ਨੇ ਕਾਂਡਲਾ ਬੰਦਰਗਾਹ 'ਤੇ ਪਲਾਸਟਿਕ ਗ੍ਰੈਨੁਏਲਸ ਦੀ ਦਰਾਮਦ ਕਰਨੀ ਸ਼ੁਰੂ ਕਰ ਦਿੱਤੀ ਤੇ ਸਾਲ 1988 'ਚ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਬਣ ਗਈ। ਇਸ ਨੇ ਧਾਤੂਆਂ, ਖੇਤੀਬਾੜੀ ਉਤਪਾਦਾਂ ਅਤੇ ਟੈਕਸਟਾਈਲ ਵਰਗੇ ਉਤਪਾਦਾਂ ਦੀ ਕਮੋਡਿਟੀ ਟ੍ਰੇਡਿੰਗ ਸ਼ੁਰੂ ਕੀਤੀ। ਕੁਝ ਸਾਲਾਂ 'ਚ ਹੀ ਇਹ ਕੰਪਨੀ ਅਤੇ ਅਡਾਨੀ ਇਸ ਕਾਰੋਬਾਰ 'ਚ ਵੱਡੇ ਨਾਮ ਬਣ ਗਏ।


2017 'ਚ ਗੌਤਮ ਅਡਾਨੀ ਦੀ ਦੌਲਤ 5.8 ਅਰਬ ਡਾਲਰ ਸੀ


ਫੋਰਬਸ ਮੁਤਾਬਕ ਸਾਲ 2017 'ਚ ਗੌਤਮ ਅਡਾਨੀ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਸੀ ਅਤੇ ਉਹ ਦੁਨੀਆਂ ਦੇ ਅਮੀਰਾਂ ਦੀ ਸੂਚੀ 'ਚ 250ਵੇਂ ਨੰਬਰ 'ਤੇ ਸਨ। 2018 'ਚ ਉਨ੍ਹਾਂ ਦੀ ਜਾਇਦਾਦ ਵੱਧ ਕੇ 9.7 ਅਰਬ ਡਾਲਰ ਹੋ ਗਈ ਅਤੇ ਇਸ ਨਾਲ ਉਹ 154ਵੇਂ ਸਥਾਨ 'ਤੇ ਪਹੁੰਚ ਗਏ। ਇਸ ਤੋਂ ਬਾਅਦ 2019 'ਚ ਉਨ੍ਹਾਂ ਦੀ ਜਾਇਦਾਦ 8.7 ਅਰਬ ਡਾਲਰ 'ਤੇ ਪਹੁੰਚ ਗਈ ਅਤੇ ਫੋਰਬਸ ਦੀ ਸੂਚੀ 'ਚ 154ਵੇਂ ਸਥਾਨ ਤੋਂ ਖਿਸਕ ਕੇ 167ਵੇਂ ਸਥਾਨ 'ਤੇ ਆ ਗਏ।


ਸਾਲ 2020 'ਚ ਵੀ ਜ਼ਿਆਦਾ ਵਾਧਾ ਨਹੀਂ ਹੋਇਆ, ਇਹ ਸਿਰਫ਼ 8.9 ਅਰਬ ਡਾਲਰ 'ਤੇ ਪਹੁੰਚ ਸਕਿਆ। ਇਸ ਨਾਲ ਉਨ੍ਹਾਂ ਦੇ ਰੈਂਕ 'ਚ ਥੋੜ੍ਹਾ ਸੁਧਾਰ ਹੋਇਆ ਅਤੇ ਉਹ 155ਵੇਂ ਸਥਾਨ 'ਤੇ ਪਹੁੰਚ ਗਏ। ਗੌਤਮ ਅਡਾਨੀ ਲਈ ਸਾਲ 2021 ਬਹੁਤ ਅਹਿਮ ਸਾਬਤ ਹੋਇਆ। ਉਨ੍ਹਾਂ ਦੀ ਦੌਲਤ 8.9 ਬਿਲੀਅਨ ਡਾਲਰ ਤੋਂ ਵੱਧ ਕੇ 50.5 ਬਿਲੀਅਨ ਡਾਲਰ ਹੋ ਗਈ। ਇਸ ਨਾਲ ਉਹ ਫੋਰਬਸ ਦੀ ਸੂਚੀ 'ਚ 24ਵੇਂ ਸਥਾਨ 'ਤੇ ਪਹੁੰਚ ਗਏ।


2022 ਤੋਂ 2021 ਨਾਲੋਂ ਵੀ ਲੱਕੀ


15 ਫ਼ਰਵਰੀ 2022 ਨੂੰ ਉਨ੍ਹਾਂ ਦੀ ਜਾਇਦਾਦ 83.6 ਬਿਲੀਅਨ ਡਾਲਰ ਤੱਕ ਪਹੁੰਚ ਗਈ ਅਤੇ ਉਹ ਦੁਨੀਆਂ ਦੇ ਅਮੀਰਾਂ ਦੀ ਸੂਚੀ 'ਚ 11ਵੇਂ ਨੰਬਰ 'ਤੇ ਪਹੁੰਚ ਗਏ। ਠੀਕ 2 ਮਹੀਨੇ ਬਾਅਦ 15 ਅਪ੍ਰੈਲ ਨੂੰ ਅਡਾਨੀ ਦੀ ਦੌਲਤ 121.7 ਬਿਲੀਅਨ ਡਾਲਰ ਹੋ ਗਈ ਅਤੇ ਦੁਨੀਆਂ ਦੇ ਅਰਬਪਤੀਆਂ ਦੀ ਸੂਚੀ 'ਚ 6ਵੇਂ ਸਥਾਨ 'ਤੇ ਕਾਬਜ਼ ਹੋ ਗਏ।


ਫੋਰਬਸ ਦੇ ਅਨੁਸਾਰ ਅਡਾਨੀ ਨੇ ਸਤੰਬਰ 2020 'ਚ ਭਾਰਤ ਦੇ ਦੂਜੇ ਸਭ ਤੋਂ ਟ੍ਰੈਫਿਕ ਵਾਲੇ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਚ 74% ਹਿੱਸੇਦਾਰੀ ਹਾਸਲ ਕੀਤੀ। ਹੁਣ ਉਹ ਦੇਸ਼ ਦੇ ਸਭ ਤੋਂ ਵੱਡੇ ਏਅਰਪੋਰਟ ਆਪਰੇਟਰ ਹਨ। ਅਡਾਨੀ ਗ੍ਰੀਨ ਊਰਜਾ 'ਚ ਦੁਨੀਆਂ ਦੇ ਸਭ ਤੋਂ ਵੱਡੇ ਉਤਪਾਦਕ ਬਣਨਾ ਚਾਹੁੰਦੇ ਹਨ ਤੇ ਉਨ੍ਹਾਂ ਕਿਹਾ ਹੈ ਕਿ ਉਹ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ 'ਚ 70 ਬਿਲੀਅਨ ਡਾਲਰ ਤੱਕ ਦਾ ਨਿਵੇਸ਼ ਕਰਨਗੇ।


ਇਹ ਵੀ ਪੜ੍ਹੋ: CBSE ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਦੇ ਫਾਰਮੈਟ 'ਚ ਹੋ ਸਕਦਾ ਵੱਡਾ ਬਦਲਾਅ