5547 ਰੁਪਏ ਤੱਕ ਸਸਤਾ ਹੋਇਆ ਸੋਨਾ, ਹੁਣ ਅੱਗੇ ਕੀ ਰੰਗ ਦਿਖਾਏਗਾ?
ਬੀਤੇ ਹਫ਼ਤੇ ਵੀ 24 ਕੈਰੇਟ ਸੋਨੇ ਦਾ ਮੁੱਲ ਜਿੱਥੇ 282 ਰੁਪਏ ਪ੍ਰਤੀ ਤੋਲਾ (10 ਗ੍ਰਾਮ) ਘੱਟ ਹੋ ਗਿਆ, ਉੱਥੇ ਚਾਂਦੀ ਵਿੱਚ 2157 ਰੁਪਏ ਪ੍ਰਤੀ ਕਿੱਲੋ ਦੀ ਭਾਰੀ ਗਿਰਾਵਟ ਵੀ ਦੇਖੀ ਗਈ ਹੈ।
ਨਵੀਂ ਦਿੱਲੀ: ਸਰਾਫਾ ਬਾਜ਼ਾਰ ਲਈ ਸਾਲ 2021 ਬਹੁਤਾ ਵਧੀਆ ਨਹੀਂ ਰਿਹਾ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ 10 ਗ੍ਰਾਮ ਸੋਨੇ ਦੀ ਕੀਮਤ 5547 ਰੁਪਏ ਤੱਕ ਘੱਟ ਹੋ ਗਈ ਹੈ। ਜ਼ਾਹਰ ਜਿਹੀ ਗੱਲ ਹੈ ਕਿ ਇਹ ਸਮਾਂ ਸੋਨਾ ਖਰੀਦਣ ਦੇ ਚਾਹਵਾਨਾਂ ਲਈ ਵਧੀਆ ਹੈ। ਵਿਆਹਾਂ ਦੇ ਸੀਜ਼ਨ ਵਿੱਚ ਵੀ ਸੋਨਾ ਖਰੀਦਣ ਦਾ ਇੰਨਾ ਵਧੀਆ ਮੌਕਾ ਨਹੀਂ ਬਣਿਆ।
ਬੀਤੇ ਹਫ਼ਤੇ ਵੀ 24 ਕੈਰੇਟ ਸੋਨੇ ਦਾ ਮੁੱਲ ਜਿੱਥੇ 282 ਰੁਪਏ ਪ੍ਰਤੀ ਤੋਲਾ (10 ਗ੍ਰਾਮ) ਘੱਟ ਹੋ ਗਿਆ, ਉੱਥੇ ਚਾਂਦੀ ਵਿੱਚ 2157 ਰੁਪਏ ਪ੍ਰਤੀ ਕਿੱਲੋ ਦੀ ਭਾਰੀ ਗਿਰਾਵਟ ਵੀ ਦੇਖੀ ਗਈ ਹੈ। ਜੇਕਰ ਇਕੱਲੇ ਮਾਰਚ ਦੀ ਗੱਲ ਕਰੀਏ ਤਾਂ ਇਸ ਮਹੀਨੇ ਸੋਨਾ 1321 ਰੁਪਏ ਅਤੇ ਚਾਂਦੀ ਦੀ ਕੀਮਤ 3808 ਰੁਪਏ ਘਟੀ ਹੈ। ਇਤਿਹਾਸ ਵਿੱਚ ਸਭ ਤੋਂ ਮਹਿੰਗਾ ਸੋਨਾ ਅਗਸਤ 2020 ਵਿੱਚ ਹੋਇਆ ਸੀ, ਉਸ ਹਿਸਾਬ ਨਾਲ ਇਹ ਹਾਲੇ ਵੀ 11471 ਰੁਪਏ ਸਸਤਾ ਹੈ ਤੇ ਚਾਂਦੀ 11350 ਰੁਪਏ ਸਸਤੀ ਹੈ।
ਕੋਰੋਨਾਵਾਇਰਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵੱਧ ਰਹੀਆਂ ਹਨ। ਅਜਿਹੇ ਵਿੱਚ ਜੇਕਰ ਇਕੁਇਟੀ ਮਾਰਕਿਟ ਟੁੱਟਦੀ ਹੈ ਤਾਂ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਵਧਣਗੀਆਂ। ਭਾਅ ਘੱਟ ਹੋਣ ਕਾਰਨ ਖਰੀਦਾਰੀ ਵੀ ਵੱਧ ਰਹੀ ਹੈ। ਅਜਿਹੇ ਵਿੱਚ ਸੋਨੇ ਦੇ ਰੇਟ ਵਿੱਚ ਉਛਾਲ ਆਉਣ ਦੀ ਸੰਭਾਵਨਾ ਹੈ, ਜੋ 46500 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾਣ ਦੀ ਉਮੀਦ ਹੈ।
ਕੇਡੀਆ ਕਮੋਡਿਟੀਜ਼ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਇੰਪੋਰਟ ਡਿਊਟੀ ਵਿੱਚ 2.5 ਫ਼ੀਸਦ ਦੀ ਕਟੌਤੀ ਦਾ ਸਿੱਧਾ ਅਸਰ ਸੋਨਾ ਅਤੇ ਚਾਂਦੀ ਬਾਜ਼ਾਰ ਉੱਪਰ ਪਿਆ ਹੈ। ਦੂਜਾ ਕਾਰਨ ਡਾਲਰ ਇੰਡੈਕਸ ਹੈ, ਜਦ ਇਹ ਡਿੱਗ ਰਿਹਾ ਸੀ ਤਾਂ ਸੋਨੇ ਦਾ ਰੇਟ ਵੱਧ ਰਿਹਾ ਸੀ। ਯੂਐਸ ਵਿੱਚ ਬਾਂਡ ਯੀਲਡ 1.4 ਫੀਸਦ ਪਹੁੰਚ ਗਿਆ ਹੈ। ਜਦ ਬਾਂਡ ਯੀਲਡ ਦਾ ਵਧਦਾ ਹੈ ਤਾਂ ਇਹ ਗੋਲਡ ਲਈ ਨੈਗੇਟਿਵ ਹੁੰਦਾ ਹੈ।
ਉੱਥੇ ਹੀ ਬਿਟਕੁਆਈਨ ਅਤੇ ਇਕੁਇਟੀ ਦੋਵਾਂ ਵਿੱਚ ਇਧਰ ਨਿਵੇਸ਼ਕਾਂ ਦਾ ਰੁਝਾਨ ਵਧਿਆ ਹੈ। ਗੋਲਡ ਤੇ ਸਿਲਵਰ ਦਾ ਰੇਸ਼ੋ ਘੱਟ ਹੋਇਆ ਹੈ। ਚੀਨ, ਸਿੰਗਾਪੁਰ, ਹਾਂਗਕਾਂਗ ਵਿੱਚ ਸੋਨੇ ਦੀ ਮੰਗ ਵਧੀ ਹੈ ਅਤੇ ਭਾਅ ਡਿੱਗਣ ਕਾਰਨ ਘਰੇਲੂ ਮਾਰਕਿਟ ਵਿੱਚ ਖਰੀਦਦਾਰੀ ਵਧੇਗੀ। ਉੱਥੇ ਹੀ ਚਾਂਦੀ 63000 ਤੋਂ 71000 ਵਿਚਕਾਰ ਰਹਿ ਸਕਦੀ ਹੈ।