ਨਵੀਂ ਦਿੱਲੀ : ਕੁਝ ਲੋਕ ਜੇਕਰ ਗ਼ਰੀਬ ਹੁੰਦੇ ਹਨ ਤਾਂ ਇਸ ਨੂੰ ਆਪਣੀ ਕਿਸਮਤ ਮੰਨ ਲੈਂਦੇ ਹਨ ਤੇ ਪੂਰੀ ਜ਼ਿੰਦਗੀ ਗੁੰਮਨਾਮੀ 'ਚ ਬਤਾ ਦਿੰਦੇ ਹਨ ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜਿਹੜੇ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਨਿਕਲ ਕੇ ਆਪਣੀ ਕਿਸਮਤ ਖ਼ੁਦ ਬਣਾਉਂਦੇ ਹਨ। ਉਹ ਅਜਿਹਾ ਕੰਮ ਕਰਦੇ ਹਨ, ਜੋ ਦੂਜਿਆਂ ਲਈ ਮਿਸਾਲ ਬਣ ਜਾਂਦੇ ਹਨ। ਅਜਿਹਾ ਹੀ ਇੱਕ ਵਿਅਕਤੀ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਦਾ ਜਨਮ ਮਜ਼ਦੂਰ ਪਰਿਵਾਰ 'ਚ ਹੋਇਆ। ਉਸ ਨੇ ਆਪਣੇ ਦਮ 'ਤੇ ਅੱਜ ਉਹ ਮੁਕਾਮ ਹਾਸਲ ਕੀਤਾ, ਜਿਸ ਨੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।
100 ਕਰੋੜ ਦੀ ਕੰਪਨੀ ਖੜ੍ਹੀ ਕਰ ਦਿੱਤੀ- ਅਸੀਂ ਗੱਲ ਕਰ ਰਹੇ ਹਾਂ 'ਆਈ ਡੀ ਫ੍ਰੈਸ਼ ਫੂਡਜ਼ ਪ੍ਰਾਈਵੇਟ ਲਿਮਟਿਡ' ਦੇ ਮਾਲਕ ਪੀ. ਸੀ. ਮੁਸਤਫ਼ਾ ਦੀ। ਅੱਜ ਉਨ੍ਹਾਂ ਦੀ ਇਸ ਕੰਪਨੀ ਦੀ ਕੀਮਤ 100 ਕਰੋੜ ਰੁਪਏ ਹੈ। ਇਹ ਕੰਪਨੀ ਰੈਡੀ-ਟੂ-ਕੁੱਕ ਤੇ ਰੈਡੀ-ਟੂ-ਯੂਜ਼ ਖਾਣੇ ਦੀ ਵਿਕਰੀ ਕਰਦੀ ਹੈ।
ਪਿਤਾ ਚਾਹੁੰਦੇ ਸੀ ਕੁਲੀ ਦਾ ਕੰਮ ਕਰੇ- ਪੀ. ਸੀ. ਮੁਸਤਫ਼ਾ ਦਾ ਜਨਮ ਕੇਰਲ ਦੇ ਪਿੰਡ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਅਹਿਮਦ ਕੁਲੀ ਦਾ ਕੰਮ ਕਰਦੇ ਸਨ। ਬਚਪਨ 'ਚ ਮੁਸਤਫ਼ਾ ਦਾ ਮਨ ਵੀ ਪੜ੍ਹਾਈ 'ਚ ਨਹੀਂ ਲੱਗਦਾ ਸੀ। ਇਸ ਲਈ ਸਕੂਲ ਤੋਂ ਬਾਅਦ ਉਹ ਆਪਣੇ ਪਿਤਾ ਕੋਲ ਚਲੇ ਗਏ। ਮੁਸਤਫ਼ਾ 6ਵੀਂ ਕਲਾਸ 'ਚ ਫ਼ੇਲ੍ਹ ਹੋ ਗਏ। ਇਸ ਤੋਂ ਬਾਅਦ ਪਿਤਾ ਚਾਹੁੰਦੇ ਸੀ ਕਿ ਉਹ ਵੀ ਉਨ੍ਹਾਂ ਦੀ ਤਰ੍ਹਾਂ ਕੁਲੀ ਦਾ ਕੰਮ ਕਰੇ।
ਮਜ਼ਦੂਰ ਬਣਨ ਦੇ ਡਰ ਨੇ ਬਦਲੀ ਜ਼ਿੰਦਗੀ- ਮੁਸਤਫ਼ਾ ਦਾ ਮਨ ਭਾਵੇਂ ਪੜ੍ਹਾਈ 'ਚ ਨਾ ਲੱਗਦਾ ਹੋਵੇ ਪਰ ਉਨ੍ਹਾਂ ਦਾ ਗਣਿਤ ਵਧੀਆ ਸੀ। ਮੁਸਤਫ਼ਾ ਕਿਸੇ ਵੀ ਕੀਮਤ 'ਤੇ ਮਜ਼ਦੂਰ ਨਹੀਂ ਬਣਨਾ ਚਾਹੁੰਦੇ ਸੀ। ਉਨ੍ਹਾਂ ਅੱਗੇ ਪੜ੍ਹਾਈ ਜਾਰੀ ਰੱਖੀ। 12ਵੀਂ ਤੋਂ ਬਾਅਦ ਮੁਸਤਫ਼ਾ ਨੇ ਇੰਜਨੀਅਰਿੰਗ ਦਾ ਪੇਪਰ ਪਾਸ ਕਰ ਲਿਆ ਤੇ ਫਿਰ ਕਾਲਜ 'ਚ ਦਾਖਲਾ ਮਿਲ ਗਿਆ।
ਪਹਿਲੀ ਨੌਕਰੀ ਮਟੋਰੋਲਾ 'ਚ ਮਿਲੀ- ਇੰਜਨੀਅਰਿੰਗ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਨੌਕਰੀ ਮਟੋਰੋਲਾ 'ਚ ਮਿਲੀ। ਦੂਜੀ ਨੌਕਰੀ ਦੁਬਈ 'ਚ ਲੱਗੀ ਤੇ ਫਿਰ ਉਨ੍ਹਾਂ ਨੇ ਸਿਟੀ ਬੈਂਕ 'ਚ ਨੌਕਰੀ ਕੀਤੀ ਪਰ ਉਨ੍ਹਾਂ ਦਾ ਮਨ ਆਪਣਾ ਖ਼ੁਦ ਦਾ ਕਾਰੋਬਾਰ ਕਰਨ ਦਾ ਸੀ, ਜਿਸ ਕਾਰਨ ਉਹ ਨੌਕਰੀ ਛੱਡ ਕੇ ਭਾਰਤ ਆ ਗਏ। ਇੱਕ ਦੁਕਾਨ 'ਤੇ ਉਨ੍ਹਾਂ ਨੇ ਇੱਕ ਔਰਤ ਨੂੰ ਦੇਖਿਆ ਜੋ ਇਡਲੀ ਤੇ ਡੋਸਾ ਬਣਾਉਣ ਲਈ ਆਟੇ ਦਾ ਘੋਲ ਖ਼ਰੀਦ ਰਹੀ ਸੀ। ਇੱਥੋਂ ਉਨ੍ਹਾਂ ਨੂੰ ਪੈਕੇਡ ਭੋਜਨ ਦੇ ਕਾਰੋਬਾਰ ਕਰਨ ਦਾ ਵਿਚਾਰ ਆਇਆ।
25 ਹਜ਼ਾਰ ਨਾਲ ਸ਼ੁਰੂ ਕੀਤਾ ਕਾਰੋਬਾਰ- 2005 'ਚ ਮੁਸਤਫ਼ਾ ਨੇ ਬਿਨਾਂ ਕੈਮੀਕਲ ਦੇ ਆਟੇ ਦਾ ਘੋਲ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ। ਇਸ ਕੰਮ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਬਚਾਏ ਹੋਏ 25 ਹਜ਼ਾਰ ਰੁਪਏ ਲਾਏ। ਹੌਲੀ-ਹੌਲੀ ਉਨ੍ਹਾਂ ਦਾ ਇਹ ਕੰਮ ਚੱਲ ਪਿਆ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਕੰਪਨੀ ਖੜ੍ਹੀ ਕਰ ਦਿੱਤੀ। 2014 ਤੱਕ ਉਨ੍ਹਾਂ ਦੀ ਕੰਪਨੀ 'ਚ 600 ਲੋਕ ਕੰਮ ਕਰਨ ਲੱਗੇ। ਕੰਪਨੀ ਦੇ ਵਿਕਾਸ ਨੂੰ ਦੇਖ ਕੇ ਹੈਲੀਅਨ ਵੈਂਚਰ ਨੇ 35 ਕਰੋੜ ਰੁਪਏ ਨਿਵੇਸ਼ ਕੀਤੇ। ਹੁਣ ਇਨ੍ਹਾਂ ਦੀ ਕੰਪਨੀ ਬੰਗਲੁਰੂ, ਮੈਸੂਰ, ਮੰਗਲੌਰ, ਚੇਨਈ, ਮੁੰਬਈ, ਹੈਦਰਾਬਾਦ, ਪੁਣੇ ਤੋਂ ਲੈ ਕੇ ਸ਼ਾਰਜਾਹ ਤੱਕ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਹੁਣ ਘਰ ਬੈਠੇ ਬਦਲੋ ਇੱਕ ਬੈਂਕ ਬ੍ਰਾਂਚ 'ਚੋਂ ਦੂਜੀ 'ਚ ਅਕਾਉਂਟ, ਨਹੀਂ ਲਗੇਗਾ ਪੈਸਾ, ਜਾਣੋ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin