ਨਵੀਂ ਦਿੱਲੀ: ਮੌਜੂਦਾ ਵਿੱਤੀ ਸਾਲ ਮਤਲਬ 2020-21 ਦਾ ਅੱਜ ਆਖਰੀ ਦਿਨ ਹੈ। ਭਲਕੇ ਮਤਲਬ 1 ਅਪ੍ਰੈਲ ਤੋਂ ਅਗਲੇ ਵਿੱਤੀ ਸਾਲ 2021-22 ਦੀ ਸ਼ੁਰੂਆਤ ਹੁੰਦੇ ਹੀ ਬੈਂਕਾਂ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ ਤੇ ਇਨ੍ਹਾਂ ਨਿਯਮਾਂ ਦੇ ਬਦਲਣ ਨਾਲ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਵੇਗਾ। ਪੈਨ ਕਾਰਡ, ਈਪੀਐਫ ਅਤੇ ਪੁਰਾਣੀ ਚੈੱਕ ਬੁੱਕ ਸਬੰਧੀ ਕਈ ਨਿਯਮ ਬਦਲ ਰਹੇ ਹਨ।


ਇਸ ਤੋਂ ਇਲਾਵਾ 1 ਅਪ੍ਰੈਲ ਤੋਂ ਹਵਾਈ ਜਹਾਜ਼ 'ਚ ਸਫ਼ਰ ਕਰਨ 'ਤੇ ਤੁਹਾਨੂੰ ਆਪਣੀ ਜੇਬ ਵੀ ਢਿੱਲੀ ਕਰਨੀ ਪੈ ਸਕਦੀ ਹੈ। ਕੱਲ੍ਹ ਤੋਂ ਸਟੀਲ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਜਾਣੋ ਕੀ-ਕੀ ਬਦਲਾਵ ਹੋਣ ਵਾਲੇ ਹਨ?


ਬੈਂਕ ਨਾਲ ਸਬੰਧਤ ਨਿਯਮ


ਪੈਨ ਕਾਰਡ: ਜੇ ਤੁਸੀਂ ਅੱਜ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਉਂਦੇ ਤਾਂ ਕੱਲ੍ਹ ਤੋਂ ਤੁਹਾਡਾ ਪੈਨ ਕਾਰਡ ਖ਼ਤਮ ਹੋ ਜਾਵੇਗਾ। ਜੁਰਮਾਨਾ ਵੀ ਲੱਗੇਗਾ। ਭਾਰਤ ਸਰਕਾਰ ਨੇ ਪਹਿਲਾਂ ਆਧਾਰ ਅਤੇ ਪੈਨ ਕਾਰਡਾਂ ਨੂੰ ਲਿੰਕ ਨਾ ਕਰਨ 'ਤੇ 1000 ਰੁਪਏ ਲੇਟ ਫੀਸ ਤੈਅ ਕੀਤੀ ਸੀ। ਇਸ ਦੇ ਨਾਲ ਹੀ ਨਵੀਂ ਧਾਰਾ-234 ਐਚ (ਵਿੱਤ ਬਿੱਲ) ਅਨੁਸਾਰ ਜੇ ਇਨ੍ਹਾਂ ਦੋਵੇਂ ਦਸਤਾਵੇਜ਼ਾਂ ਨੂੰ ਲਿੰਕ ਨਹੀਂ ਕੀਤਾ ਤਾਂ 1000 ਰੁਪਏ ਤਕ ਦਾ ਜੁਰਮਾਨਾ ਭਰਨਾ ਪਵੇਗਾ। ਇਹ ਲੇਟ ਫੀਸ ਇਕ ਡੀ-ਐਕਟਿਵ ਪੈਨ ਰੱਖਣ 'ਤੇ ਲੱਗਣ ਵਾਲੇ ਜੁਰਮਾਨੇ ਤੋਂ ਵੱਖਰੀ ਹੋਵੇਗੀ।


ਚੈੱਕਬੁੱਕ: ਕੱਲ੍ਹ ਤੋਂ ਦੇਨਾ ਬੈਂਕ, ਵਿਜਯਾ ਬੈਂਕ, ਕਾਰਪੋਰੇਸ਼ਨ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ, ਆਂਧਰਾ ਬੈਂਕ, ਯੂਨਾਈਟਿਡ ਬੈਂਕ ਅਤੇ ਅਲਾਹਾਬਾਦ ਬੈਂਕ ਦੀਆਂ ਪੁਰਾਣੀਆਂ ਚੈੱਕਬੁੱਕਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਇਨ੍ਹਾਂ ਸਾਰੇ ਬੈਂਕਾਂ ਦਾ ਰਲੇਵਾਂ ਹੋ ਗਿਆ ਹੈ। ਇਨ੍ਹਾਂ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਨਵੀਂਆਂ ਚੈੱਕਬੁੱਕ ਜਾਰੀ ਕੀਤੀਆਂ ਹਨ। ਹਾਲਾਂਕਿ ਸਿੰਡੀਕੇਟ ਬੈਂਕ ਦੀ ਚੈੱਕਬੁੱਕ 30 ਜੂਨ ਤਕ ਲਾਗੂ ਰਹੇਗੀ।


ਇਨਕਮ ਟੈਕਸ ਰਿਟਰਨ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਟੈਕਸ ਬਾਰੇ ਬਜਟ 2021 'ਚ ਇਕ ਵੱਡਾ ਐਲਾਨ ਕੀਤਾ ਸੀ ਜਿਸ ਅਨੁਸਾਰ 1 ਅਪ੍ਰੈਲ ਤੋਂ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਤੋਂ ਛੋਟ ਮਿਲੇਗੀ।


ਟੀਡੀਐਸ: 1 ਅਪ੍ਰੈਲ ਤੋਂ ਫ੍ਰੀਲਾਂਸਰ, ਟੈਕਨੀਕਲ ਸਹਾਇਕ ਜਿਹੇ ਗ਼ੈਰ-ਤਨਖਾਹਦਾਰ ਵਰਗ ਦੇ ਲੋਕਾਂ ਨੂੰ ਵੱਧ ਟੈਕਸ ਦੇਣਾ ਪੈ ਸਕਦਾ ਹੈ। ਹਾਲੇ ਇਨ੍ਹਾਂ ਲੋਕਾਂ ਦੀ ਕਮਾਈ ਤੋਂ 7.5 ਫ਼ੀਸਦੀ ਟੀਡੀਐਸ ਦੀ ਕਟੌਤੀ ਕੀਤੀ ਜਾ ਰਹੀ ਹੈ, ਜੋ ਹੁਣ 10 ਫ਼ੀਸਦੀ ਹੋ ਜਾਵੇਗੀ। ਦੂਜੇ ਪਾਸੇ, ਜਿਹੜੇ ਲੋਕ ਆਮਦਨੀ ਦੀ ਧਾਰਾ-206 ਬੀ ਦੇ ਤਹਿਤ ਰਿਟਰਨ ਦਾਖਲ ਨਹੀਂ ਕਰਨਗੇ, ਉਨ੍ਹਾਂ ਨੂੰ 1 ਅਪ੍ਰੈਲ ਤੋਂ ਬਾਅਦ ਡਬਲ ਟੀਡੀਐਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ।


ਈਪੀਐਫ : ਇਨਕਮ ਟੈਕਸ ਵਿਭਾਗ ਦੇ ਨਵੇਂ ਨਿਯਮਾਂ ਅਨੁਸਾਰ 1 ਅਪ੍ਰੈਲ ਤੋਂ ਪੀ.ਐਫ. 'ਚ ਢਾਈ ਲੱਖ ਤੋਂ ਵੱਧ ਜਮ੍ਹਾਂ ਰਕਮ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਲਗਾਇਆ ਜਾਵੇਗਾ। ਵੱਡੀ ਗੱਲ ਇਹ ਹੈ ਕਿ ਜਿਹੜੇ ਲੋਕ ਹਰ ਮਹੀਨੇ 2 ਲੱਖ ਰੁਪਏ ਤੋਂ ਵੱਧ ਤਨਖਾਹ ਲੈਂਦੇ ਹਨ ਉਹ ਵੀ ਇਸ ਦੇ ਦਾਇਰੇ 'ਚ ਆ ਜਾਣਗੇ।


ਤੁਹਾਡੀ ਜੇਬ ਢਿੱਲੀ ਹੋਵੇਗੀ-


ਹਵਾਈ ਸਫ਼ਰ ਮਹਿੰਗਾ ਹੋਇਆ


ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਏਅਰਪੋਰਟ ਸੁਰੱਖਿਆ ਫੀਸ ਵਧਾ ਦਿੱਤੀ ਹੈ। ਹਵਾਈ ਅੱਡੇ ਦੀ ਸੁਰੱਖਿਆ ਫੀਸ 'ਚ ਘਰੇਲੂ ਯਾਤਰੀਆਂ ਲਈ 40 ਰੁਪਏ ਅਤੇ ਕੌਮਾਂਤਰੀ ਯਾਤਰੀਆਂ ਲਈ 114.38 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਂਆਂ ਦਰਾਂ 1 ਅਪ੍ਰੈਲ 2021 ਜਾਂ 1 ਅਪ੍ਰੈਲ ਤੋਂ ਬਾਅਦ ਜਾਰੀ ਕੀਤੀਆਂ ਟਿਕਟਾਂ 'ਤੇ ਲਾਗੂ ਹੋਣਗੀਆਂ। ਹਵਾਈ ਅੱਡੇ ਦੀ ਸੁਰੱਖਿਆ ਫੀਸ ਲਗਭਗ ਸਾਰੇ ਯਾਤਰੀਆਂ ਤੋਂ ਵਸੂਲੀ ਜਾਂਦੀ ਹੈ।


ਸਟੀਲ ਦੀਆਂ ਕੀਮਤਾਂ ਵਧਣਗੀਆਂ


ਕੌਮਾਂਤਰੀ ਬਾਜ਼ਾਰ 'ਚ ਸਟੀਲ ਦੀਆਂ ਕੀਮਤਾਂ 'ਚ ਹੋਏ ਵਾਧੇ ਦੇ ਮੱਦੇਨਜ਼ਰ ਘਰੇਲੂ ਕੀਮਤਾਂ 'ਚ ਵੀ 1 ਅਪ੍ਰੈਲ ਤੋਂ ਵਾਧਾ ਕੀਤਾ ਜਾ ਸਕਦਾ ਹੈ। ਜੇਐਸਡਬਲਿਯੂ ਸਟੀਲ, ਜੇਐਸਪੀਐਲ, ਐਮ/ਐਨਐਸ ਅਤੇ ਟਾਟਾ ਸਟੀਲ ਹੌਟ ਰੋਲਡ ਕੋਇਲ (ਐਚਆਰਸੀ) ਦੀਆਂ ਕੀਮਤਾਂ '4000 ਰੁਪਏ ਪ੍ਰਤੀ ਟਨ ਦਾ ਵਾਧਾ ਹੋ ਸਕਦਾ ਹੈ। ਘਰੇਲੂ ਬਜ਼ਾਰ 'ਚ ਕੱਚੇ ਮਾਲ 'ਚ ਵਾਧਾ ਅਤੇ ਉੜੀਸ਼ਾ 'ਚ ਉਤਪਾਦਨ 'ਚ ਆਈ ਗਿਰਾਵਟ ਕਾਰਨ ਸਟੀਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ।


ਇਹ ਵੀ ਪੜ੍ਹੋ: ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਫਲਾਈਟ ਅਟੈਡੇਂਟ ਨੂੰ ਕੋਰਟ ਨੇ ਸੁਣਾਈ ਦੋ ਸਾਲ ਸਜ਼ਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904