ਦੁੱਧ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ, ਜੀਐਸਟੀ ਦੇ ਦਾਇਰੇ 'ਚ ਆਉਣ ਨਾਲ ਪਵੇਗਾ ਅਸਰ
ਜੀਐਸਟੀ ਕੌਂਸਲ ਨੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ, ਅਨਾਜ ਆਦਿ 'ਤੇ ਟੈਕਸ ਛੋਟ ਵਾਪਸ ਲੈ ਲਈ ਹੈ ਅਤੇ ਹੁਣ ਇਨ੍ਹਾਂ 'ਤੇ 5% ਜੀਐਸਟੀ ਲੱਗੇਗਾ। ਇਸ ਫ਼ੈਸਲੇ ਤੋਂ ਬਾਅਦ ਪੈਕਡ ਦਹੀਂ, ਲੱਸੀ ਅਤੇ ਮੱਖਣ ਵਰਗੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ।
Milk prices are likely to go up: ਜੀਐਸਟੀ ਕੌਂਸਲ ਨੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ, ਅਨਾਜ ਆਦਿ 'ਤੇ ਟੈਕਸ ਛੋਟ ਵਾਪਸ ਲੈ ਲਈ ਹੈ ਤੇ ਹੁਣ ਇਨ੍ਹਾਂ 'ਤੇ 5% ਜੀਐਸਟੀ ਲੱਗੇਗਾ। ਇਸ ਫ਼ੈਸਲੇ ਤੋਂ ਬਾਅਦ ਪੈਕਡ ਦਹੀਂ, ਲੱਸੀ ਤੇ ਮੱਖਣ ਵਰਗੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ। ਇਸ ਤੋਂ ਇਲਾਵਾ ਕਣਕ ਤੇ ਹੋਰ ਅਨਾਜ ਦੇ ਆਟੇ ਤੇ ਗੁੜ 'ਤੇ 5 ਫ਼ੀਸਦੀ ਜੀਐਸਟੀ ਲਗਾਉਣ ਕਾਰਨ ਆਉਣ ਵਾਲੇ ਸਮੇਂ 'ਚ ਪੈਕਡ ਦੁੱਧ ਵੀ ਮਹਿੰਗਾ ਹੋ ਸਕਦਾ ਹੈ, ਜੋ ਫਿਲਹਾਲ ਜੀਐਸਟੀ ਦੇ ਦਾਇਰੇ ਤੋਂ ਬਾਹਰ ਹਨ।
ਮਾਰਕੀਟ ਮਾਹਿਰਾਂ ਦਾ ਕਹਿਣਾ ਹੈ ਕਿ ਜੀਐਸਟੀ ਕੌਂਸਲ ਦੇ ਇਸ ਕਦਮ ਨਾਲ ਡੇਅਰੀ ਕੰਪਨੀਆਂ ਨੂੰ ਵਾਧੂ ਲਾਗਤ ਦੇ ਪ੍ਰਭਾਵ 'ਚੋਂ ਗੁਜਰਨ ਲਈ ਆਪਣੀਆਂ ਖਪਤਕਾਰ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪਵੇਗਾ। ਜੀਐਸਟੀ ਕੌਂਸਲ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਆਪਣੀ 47ਵੀਂ ਮੀਟਿੰਗ 'ਚ ਕਿਹਾ ਕਿ ਹੁਣ ਤੱਕ ਬ੍ਰਾਂਡੇਡ ਨਾ ਹੋਣ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ, ਅਨਾਜ ਆਦਿ 'ਤੇ ਜੀਐਸਟੀ ਛੋਟ ਦਿੱਤੀ ਜਾਂਦੀ ਸੀ ਜਾਂ ਬ੍ਰਾਂਡ 'ਤੇ ਅਧਿਕਾਰ ਛੱਡ ਦਿੱਤਾ ਗਿਆ ਸੀ, ਜਿਸ 'ਚ ਸੋਧ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
ਆਈਸੀਆਈਸੀਆਈ ਸਕਿਉਰਿਟੀਜ਼ ਰਿਸਰਚ ਐਨਾਲਿਸਟਸ ਅਨਿਰੁੱਧ ਜੋਸ਼ੀ, ਮਨੋਜ ਮੇਨਨ, ਕਰਨ ਭੁਵਾਨੀਆ ਅਤੇ ਪ੍ਰਾਂਜਲ ਗਰਗ ਨੇ ਆਪਣੇ ਰਿਸਰਚ ਨੋਟ 'ਚ ਕਿਹਾ ਕਿ ਦਹੀਂ ਅਤੇ ਲੱਸੀ 'ਤੇ ਜੀਐਸਟੀ ਦੀ ਦਰ ਫਿਲਹਾਲ ਜ਼ੀਰੋ ਹੈ, ਜਿਸ ਨੂੰ ਵਧਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡੇਅਰੀ ਕੰਪਨੀਆਂ ਲਈ ਦਹੀਂ ਇੱਕ ਪ੍ਰਮੁੱਖ ਉਤਪਾਦ ਹੈ ਅਤੇ ਉਨ੍ਹਾਂ ਦੀ ਕੁੱਲ ਕਮਾਈ 'ਚ ਦਹੀਂ ਅਤੇ ਲੱਸੀ ਦਾ ਯੋਗਦਾਨ 15 ਤੋਂ 25 ਫ਼ੀਸਦੀ ਹੈ।
ਖਪਤਕਾਰਾਂ 'ਤੇ ਕਿੰਨਾ ਬੋਝ ਵਧੇਗਾ?
ਵਿਸ਼ਲੇਸ਼ਕਾਂ ਦੇ ਅਨੁਸਾਰ ਦਹੀਂ 'ਤੇ 5 ਜੀਐਸਟੀ ਲਗਾਉਣ ਦੇ ਫ਼ੈਸਲੇ ਨਾਲ ਡੇਅਰੀ ਕੰਪਨੀਆਂ ਇਨਪੁਟ ਕ੍ਰੈਡਿਟ (ਪੈਕੇਜਿੰਗ ਸਮੱਗਰੀ, ਕੁਝ ਕੱਚਾ ਮਾਲ, ਇਸ਼ਤਿਹਾਰਬਾਜ਼ੀ-ਖਰਚ, ਆਵਾਜਾਈ ਅਤੇ ਭਾੜੇ ਦੇ ਖਰਚੇ ਆਦਿ) ਪ੍ਰਾਪਤ ਕਰਨ ਦੇ ਯੋਗ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਥਿਤੀ 'ਚ ਸਾਡਾ ਮੰਨਣਾ ਹੈ ਕਿ ਖਪਤਕਾਰਾਂ 'ਤੇ ਜੀਐਸਟੀ ਦਾ ਸ਼ੁੱਧ ਪ੍ਰਭਾਵ 2-3 ਫ਼ੀਸਦੀ ਦੇ ਦਾਇਰੇ 'ਚ ਹੋਵੇਗਾ।
ਜ਼ਿਆਦਾਤਰ ਡੇਅਰੀ ਉਤਪਾਦ ਜੀਐਸਟੀ ਦੇ ਦਾਇਰੇ 'ਚ
ਦਹੀਂ ਅਤੇ ਲੱਸੀ 'ਤੇ ਜੀਐਸਟੀ ਲਗਾਉਣ ਦੇ ਫ਼ੈਸਲੇ ਨੂੰ ਦੇਖਦੇ ਹੋਏ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਡੇਅਰੀ ਉਤਪਾਦ ਹੁਣ ਜੀਐਸਟੀ ਦੇ ਦਾਇਰੇ 'ਚ ਆ ਗਏ ਹਨ। ਆਈਸਕ੍ਰੀਮ, ਪਨੀਰ ਅਤੇ ਘਿਓ ਵਰਗੇ ਕੁਝ ਡੇਅਰੀ ਉਤਪਾਦ ਪਹਿਲਾਂ ਹੀ ਜੀਐਸਟੀ ਦੇ ਦਾਇਰੇ 'ਚ ਹਨ। ਹਾਲਾਂਕਿ ਅਜੇ ਵੀ ਪੈਕ ਕੀਤੇ ਦੁੱਧ 'ਤੇ ਕੋਈ ਜੀਐਸਟੀ ਨਹੀਂ ਹੈ।